ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਵਫ਼ਦ ਵੱਲੋਂ ਅਕਾਲੀ ਦਲ ਦੇ ਮੈਨੀਫੈਸਟੋ ਚ ਮੰਗਾਂ ਸ਼ਾਮਲ ਕਰਵਾਉਣ ਦੀ ਮੰਗ ਪੱਤਰ ਦਿੱਤਾ
ਪਟਿਆਲਾ /24 ਜਨਵਰੀ, 2022
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਜਥੇਬੰਦੀ ਦੇ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਕੌਂਸਲ ਦੇ ਜ਼ਿਲ੍ਹਾ ਸਕੱਤਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਅਧਿਆਪਕਾਂ ਦੇ ਇਕ ਵਫ਼ਦ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਇਕ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਸੱਤਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਅਤੇ ਯੂ.ਜੀ.ਸੀ. ਨਾਲੋਂ ਸਕੇਲ ਡੀਲਿੰਕ ਕਰਨ ਸਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਵਾਪਸ ਕਰਨ ਦੀਆਂ ਮੰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਮੈਨੀਫੈਸਟੋ ਚ ਸ਼ਾਮਲ ਕਰਕੇ ਉਚੇਰੀ ਸਿੱਖਿਆ ਨੂੰ ਬਚਾਵੇ । ਜਸਪਾਲ ਸਿੰਘ ਬਿੱਟੂ ਚੱਠਾ ਨੇ ਯਕੀਨ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਯੂ.ਜੀ.ਸੀ ਦਾ 7ਵਾਂ ਵੇਤਨ ਕਮਿਸ਼ਨ ਲਾਗੂ ਕੀਤਾ ਜਾਵੇਗਾ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲੋਂ ਸਕੇਲ ਡੀਲਿੰਕ ਕਰਨ ਵਾਲਾ ਕਾਂਗਰਸ ਸਰਕਾਰ ਦਾ ਫੈਸਲਾ ਰੱਦ ਕੀਤਾ ਜਾਵੇਗਾ।
ਬਿੱਟੂ ਚੱਠਾ ਨੇ ਕਿਹਾ ਕਿ 1986,1996,ਅਤੇ 2006 ਵਾਲੇ UGC ਦੇ ਸਕੇਲ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਲਾਗੂ ਕੀਤੇ ਗਏ ਸਨ। ਚੱਠਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਰੇ ਭਾਰਤ ਵਿੱਚ ਇਹ ਸਕੇਲ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਕਾਂਗਰਸੀ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਇਹ ਸਕੇਲ ਨਹੀਂ ਦਿੱਤੇ ।
ਇਸ ਮੌਕੇ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਮਿਤ ਸਿੰਘ ਮਿੰਟੂ ਰਾਠੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਚੇਰੀ ਵਿੱਦਿਆ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਤੇ ਖ਼ਾਲਸਾ ਕਾਲਜ ਪਟਿਆਲਾ ਦੀ ਅਧਿਆਪਕ ਯੂਨੀਅਨ ਦੇ ਲੋਕਲ ਯੂਨਿਟ ਦੇ ਮੈਂਬਰ ਡਾ. ਸਰਬਜੀਤ ਸਿੰਘ ਭਾਟੀਆ, ਡਾ. ਰਤਨਪਾਲ ਸਿੰਘ ਰੰਧਾਵਾ, ਡਾ. ਬਲਦੇਵ ਸਿੰਘ, ਡਾ. ਪੂਨਮਦੀਪ ਸਿੰਘ ਹਾਜ਼ਰ ਸਨ ।