ਰੂਪਨਗਰ ਪੁਲਿਸ ਨੇ 3 ਮੋਟਰਸਾਈਕਲ ਚੋਰਾਂ ਨੂੰ ਕਾਬੂ ਕੀਤਾ, 9 ਮੋਟਰ ਸਾਈਕਲ ਬਰਾਮਦ
ਬਹਾਦਰਜੀਤ ਸਿੰਘ /ਰੂਪਨਗਰ, 30 ਜੁਲਾਈ,2022
ਸੀਨੀਅਰ ਪੁਲੀਸ ਕਪਤਾਨ ਰੂਪਨਗਰ ਡਾ: ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਉੱਪ ਕਪਤਾਨ ਪੁਲਿਸ, ਸਬ-ਡਵੀਜਨ ਰੂਪਨਗਰ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਦੀ ਅਗਵਾਈ ਵਿੱਚ ਏ.ਐੱਸ.ਆਈ ਨਰਿੰਦਰ ਸਿੰਘ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਦੇ 9 ਮੋਟਰ ਸਾਈਕਲ ਬਰਾਮਦ ਕਰਦੇ ਹੋਏ ਚੋਰੀ ਦੀਆਂ 9 ਵਾਰਦਾਤਾਂ ਨੂੰ ਹੱਲ ਕੀਤਾ ਗਿਆ।
ਡਾ: ਸੰਦੀਪ ਗਰਗ ਨੇ ਦੱਸਿਆ ਕਿ ਮੁਕੱਦਮਾ ਨੰਬਰ 81 ਮਿਤੀ 20.05.2022 ਅ/ਧ 379, ਆਈ.ਪੀ.ਸੀ ਵਾਧਾ ਜੁਰਮ 411,413,482, ਆਈ.ਪੀ.ਸੀ, ਥਾਣਾ ਸਿਟੀ ਰੂਪਨਗਰ ਦੀ ਤਫਤੀਸ਼ ਦੌਰਾਨ ਮੁਕੱਦਮਾ ਵਿੱਚ ਚੌਰੀ ਹੋਏ ਮੋਟਰ ਸਮੇਤ ਦੋਸ਼ੀ ਮੋਹਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਪੰਜਕੋਹਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਗੁਰਸੇਵਕ ਸਿੰਘ ਉਰਫ ਮੰਗਾ ਵਾਸੀ ਓਇੰਦ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸ ਦੌਰਾਨ ਪੁੱਛਗਿੱਛ ਮੁਲਜ਼ਮਾਂ ਦੀ ਨਿਸ਼ਾਨਦੇਹੀ ਪਰ 6 ਹੋਰ ਮੋਟਰ ਸਾਈਕਲ ਬਰਾਮਦ ਕੀਤੇ ਗਏ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ 2 ਮੋਟਰ ਸਾਈਕਲ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਮਨਸੂਰਪੁਰ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਨੂੰ ਵੇਚੇ ਹਨ। ਜਿਸ ਪਰ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 2 ਮੋਟਰ ਸਾਈਕਲ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਉਹ ਮੋਟਰ ਸਾਈਕਲਾਂ ਦੇ ਇੰਜਣ ਨੰਬਰ ਤੇ ਚੈਸੀ ਨੰਬਰ ਬਦਲ ਕੇ ਉਨ੍ਹਾਂ ’ਤੇ ਜਾਅਲੀ ਨੰਬਰ ਲਗਾ ਕੇ ਅੱਗੇ ਵੇਚ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 8 ਮੋਟਰ ਸਾਈਕਲ ਅਤੇ ਇੱਕ ਇੰਜਣ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਜ਼ਰਮਾਂ ਪਾਸੋ ਅਜੇ ਵੀ ਪੁੱਛਗਿੱਛ ਜਾਰੀ ਹੈ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।