ਰੰਗਮੰਚ ਜਿ਼ੰਦਗੀ ਦੇ ਫੁੱਲ ਉੱਤੇ ਬੈਠੀ ਇੱਕ ਤਿਤਲੀ ਹੈ : ਗੁਰਪ੍ਰੀਤ ਘੁੱਗੀ

242

ਰੰਗਮੰਚ ਜਿ਼ੰਦਗੀ ਦੇ ਫੁੱਲ ਉੱਤੇ ਬੈਠੀ ਇੱਕ ਤਿਤਲੀ ਹੈ : ਗੁਰਪ੍ਰੀਤ ਘੁੱਗੀ

ਪਟਿਆਲਾ/ 27-3-2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਫਿ਼ਲਮ ਐਂਡ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨਜ਼ (ਪਫ਼ਟਾ) ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੰਜਾਬੀ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਦੇ ਪਹਿਲੇ ਦਿਨ ਪੰਜਾਬੀ ਸਿਨੇਮਾ, ਟੀਵੀ, ਅਤੇ ਰੰਗਮੰਚ ਨਾਲ ਜੁੜੀਆਂ ਵੱਖ-ਵੱਖ ਹਸਤੀਆਂ ਵੱਲੋਂ ਸਿ਼ਰਕਤ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਇਹ ਉਤਸਵ ਦ੍ਰਿਸ਼ ਮਾਧਿਅਮ ਦੀਆਂ ਕਲਾਵਾਂ ਅਤੇ ਇਨ੍ਹਾਂ ਨਾਲ ਜੁੜੇ ਅਕਾਦਮਿਕ ਪੱਧਰ ਦੇ ਖੋਜ ਕਾਰਜਾਂ ਦੇ ਦਰਮਿਆਨ ਦੇ ਆਪਸੀ ਖੱਪਿਆਂ ਨੂੰ ਪੂਰਨ ਦੇ ਇੱਕ ਮਕਸਦ ਵਜੋਂ ਆਯੋਜਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦ੍ਰਿਸ਼ ਮਾਧਿਅਮ ਨਾਲ ਜੁੜੀਆਂ ਇਹ ਕਲਾਵਾਂ ਦਾ ਆਮ ਬੰਦੇ ਦੀ ਜਿ਼ੰਦਗੀ ਉੱਤੇ ਬਹੁਤ ਅਸਰ ਪੈਂਦਾ ਹੈ। ਇਨ੍ਹਾਂ ਕਲਾ ਮਾਧਿਅਮਾਂ ਦੀ ਤਾਕਤ ਨੂੰ ਜਾਣਨ ਲਈ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਅਕਾਦਮਿਕ ਪੱਧਰ ਉੱਤੇ ਖੋਜ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਇਸ ਉਤਸਵ ਰਾਹੀਂ ਇਨ੍ਹਾਂ ਕਲਾਵਾਂ ਵਿੱਚ ਸਿੱਧੇ ਰੂਪ ਵਿੱਚ ਸ਼ਾਮਿਲ ਕਲਾਕਾਰ ਜਦੋਂ ਆਪਣੇ ਸਾਂਝੇ ਕਰਨਗੇ ਤਾਂ ਇਸ ਦਿਸ਼ਾ ਵਿੱਚ ਹੋਰ ਬਹੁਤ ਕੁੱਝ ਨਿੱਕਲ  ਕੇ ਸਾਹਮਣੇ ਆਵੇਗਾ।

ਉਦਘਾਟਨੀ ਸਮਾਰੋਹ ਵਿੱਚ ਉੱਘੇ ਪੰਜਾਬੀ ਅਦਾਕਾਰ ਅਤੇ ਪਫ਼ਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਿ਼ਰਕਤ ਕਰਦਿਆਂ ਤਿੰਨ ਦਿਨ ਦੇ ਸਮੁੱਚੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਦੀ ਆਪਣੀ ਕਲਾ ਦੀ ਵਰਤੋਂ ਸਮਾਜ ਦੇ ਹਿਤ ਵਿੱਚ ਹੀ ਕਰਨੀ ਚਾਹੀਦੀ ਹੈ ਨਾ ਕਿ ਇਸ ਦੀ ਦੁਰਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਭਵ ਦੇ ਅਧਾਰ ਉੱਤੇ ਅਦਾਕਾਰਾਂ ਦੀ ਜਿ਼ੰਦਗੀ ਬਾਰੇ ਵੱਖ-ਵੱਖ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਇਹ ਜਿ਼ੰਦਗੀ ਚੁਣੌਤੀਆਂ ਭਰੀ ਹੈ ਉੱਥੇ ਹੀ ਇਸ ਦੇ ਆਪਣੇ ਵਿਸ਼ੇਸ਼ ਲਾਭ ਹਨ। ਉਨ੍ਹਾਂ ਕਿਹਾ ਕਿ ਇੱਕ ਅਦਾਕਾਰ ਇੱਕੋ ਜਿ਼ੰਦਗੀ ਵਿੱਚ ਵੱਖ-ਵੱਖ ਜਿ਼ੰਦਗੀਆਂ ਮਾਣ ਸਕਦਾ ਹੈ। ਇੱਕ ਅਦਾਕਾਰ ਨੂੰ ਜਿ਼ੰਦਗੀ ਵਿਚਲੇ ਵੱਧ-ਵੱਧ ਤੋਂ ਵੱਧ ਰਸ ਮਾਣਨ ਦੀ ਵੀ ਸਹੂਲਤ ਹੁੰਦੀ ਹੈ। ਵਿਸ਼ਵ ਰੰਗਮੰਚ ਦਿਵਸ ਦੇ ਪ੍ਰਸੰਗ ਵਿੱਚ ਬੋਲਦਿਆਂ ਉਨ੍ਹਾਂ ਰੰਗਮੰਚ ਦੀ ਤਾਕਤ ਅਤੇ ਪਹੁੰਚ ਬਾਰੇ ਵੱਖ-ਵੱਖ ਗੱਲਾਂ ਸਾਂਝੀਆਂ ਕੀਤੀਆਂ। ਰੰਗਮੰਚ ਕਰਨ ਦੇ ਆਪਣੇ ਅਨੁਭਵ ਬਾਰੇ ਦੱਸਿਆ। ਰੰਗਮੰਚ ਬਾਰੇ ਹੀ ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ‘ਰੰਗਮੰਚ ਜਿ਼ੰਦਗੀ ਦੇ ਫੁੱਲ ਉੱਤੇ ਬੈਠੀ ਇੱਕ ਤਿਤਲੀ ਹੈ’। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਥੀਏਟਰ, ਟੀਵੀ ਅਤੇ ਸਿਨੇਮਾ ਬਾਰੇ ਇਕੱਠਿਆਂ ਅਤੇ ਕਿਸੇ ਵੀ ਵਿੱਦਿਅਕ ਅਦਾਰੇ ਨਾਮ ਮਿਲ ਕੇ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ।

ਰੰਗਮੰਚ ਜਿ਼ੰਦਗੀ ਦੇ ਫੁੱਲ ਉੱਤੇ ਬੈਠੀ ਇੱਕ ਤਿਤਲੀ ਹੈ : ਗੁਰਪ੍ਰੀਤ ਘੁੱਗੀ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਗਿਆ ਕਿ ਹਰੇਕ ਮਾਧਿਅਮ ਦੀ ਆਪਣੀ ਇੱਕ ਵੱਖਰੀ ਭਾਸ਼ਾ ਹੁੰਦੀ ਹੈ। ਫਿ਼ਲਮ ਥੀਏਟਰ ਸੰਗੀਤ ਆਦਿ ਕਲਾਵਾਂ ਦੀ ਆਪਣੀ ਇੱਕ ਵੱਖਰੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਮਨੁੱਖ ਦੀਆਂ ਆਮ ਲੋੜਾਂ ਤੋਂ ਅੱਗੇ ਦੇ ਜੀਵਨ ਨੂੰ ਸਾਹਿਤ, ਕਲਾਵਾਂ ਆਦਿ ਮਿਲ ਕੇ ਘੜਦੇ ਹਨ ਇਸ ਲਈ ਇਨ੍ਹਾਂ ਦੀ ਤਾਕਤ ਅਤੇ ਸਰੂਪ ਨੂੰ ਵਿਸਥਾਰ ਵਿੱਚ ਜਾਣਨ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਲਈ ਮੰਚ ਪ੍ਰਦਾਨ ਕਰਦੀ ਰਹੇਗੀ ਤਾਂ ਕਿ ਸਮਾਜ ਦੀ ਭਲਾਈ ਲਈ ਇਨ੍ਹਾਂ ਕਲਾਵਾਂ ਬਾਰੇ ਵੱਧ ਤੋਂ ਵੱਧ ਕੰਮ ਹੋ ਸਕੇ।

ਸਮੁੱਚੇ ਪ੍ਰੋਗਰਾਮ ਦਾ ਉਦਘਾਟਨ ਉੱਘੇ ਅਦਾਕਾਰ ਮਲਕੀਤ ਰੌਣੀ ਵੱਲੋਂ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿੱਚ ਉੱਘੇ ਨਾਟਕਕਾਰ ਅਤੇ ਨਾਟ ਆਲੋਚਕ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਰੰਗਮੰਚ ਬਾਰੇ ਭਾਸ਼ਣ ਦਿੱਤਾ ਗਿਆ। ਇਸ ਮੌਕੇ ਨੀਨਾ ਟਿਵਾਣਾ, ਮਨਜੀਤ ਔਲਖ, ਡਾ. ਕਮਲੇਸ਼ ਉੱਪਲ, ਜਸਵੰਤ ਦਮਨ, ਮਹਾਵੀਰ ਭੁੱਲਰ, ਮੋਹਣ ਬੱਗਣ, ਸੁਦਰਸ਼ਨ ਮੈਣੀ, ਪ੍ਰਾਣ ਸਭਰਵਾਲ, ਅੰਕੁਰ ਕੁਮਾਰ ਰਾਜੇਸ਼ ਸ਼ਰਮਾ, ਸੁਰੇਸ਼ ਪੰਡਤ ਆਦਿ ਦਾ ਸਨਮਾਨ ਕੀਤਾ ਗਿਆ।

ਉਦਘਾਟਨੀ ਸਾਮਰੋਹ ਵਿਚ ਨਾਕਟਕਾਰ ਕੇਵਲ ਧਾਲੀਵਾਲ, ਦਵਿੰਦਰ ਕੁਮਾਰ, ਜਗਦੀਸ਼ ਸਚਦੇਵਾ, ਪਾਲੀ ਭੁਪਿੰਦਰ ਸਿੰਘ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ।

ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਰੰਗਮੰਚ ਦੇ ਵੱਖ-ਵੱਖ ਆਦਾਕਾਰਾਂ ਅਤੇ ਨਿਰਦੇਸ਼ਕਾਂ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ ਜਿਨ੍ਹਾਂ ਵਿੱਚ ਡਾ. ਨਵਦੀਪ ਕੌਰ, ਲੱਖਾ ਲਹਿਰੀ, ਸੁੱਖੀ ਪਾਤੜਾਂ, ਇਕੱਤਰ ਸਿੰਘ, ਨਿਰਭੈ ਧਾਲੀਵਾਲ ਸ਼ਾਮਿਲ ਰਹੇ।

ਇਸ ਸੈਸ਼ਨ ਵਿੱਚ ਸ਼ੁਰੂਆਤੀ ਭਾਸ਼ਣ ਭਾਰਤ ਭੂਸ਼ਣ ਵਰਮਾ ਵੱਲੋਂ ਅਤੇ ਸਮਾਪਤੀ ਭਾਸ਼ਣ ਰਾਣਾ ਜੰਗ ਬਹਾਦਰ ਵੱਲੋਂ ਦਿੱਤਾ ਗਿਆ।

ਸ਼ਾਮ ਨੂੰ ਕਲਾ ਭਵਨ ਵਿਖੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਵਰਿਆਮ ਸੰਧੂ ਦੁਆਰਾ ਲਿਖਤ ਕਹਾਣੀ ਮੈਂ ‘ਰੋ ਨਾ ਲਵਾਂ ਇੱਕ ਵਾਰ’ ਉੱਤੇ ਅਧਾਰਿਤ ਇੱਕ ਨਾਟਕ ਦੀ ਪੇਸ਼ਕਾਰੀ ਕੀਤੀ ਗਈ।