ਸ਼ੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਨਾ ਪਿਆ ਮਹਿੰਗਾ ; ਪੁਲਿਸ ਨੇ ਕੀਤਾ ਮਾਮਲਾ ਦਰਜ਼

248

ਸ਼ੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਨਾ ਪਿਆ ਮਹਿੰਗਾ ; ਪੁਲਿਸ ਨੇ ਕੀਤਾ ਮਾਮਲਾ ਦਰਜ਼

ਫ਼ਤਹਿਗੜ੍ਹ ਸਾਹਿਬ, 30 ਦਸੰਬਰ,2022:

ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਵੇਰਕਾ ਨੂੰ ਸ਼ੋਸ਼ਲ ਮੀਡੀਆ ਤੇ ਬਦਨਾਮ ਕਰਨ ਵਾਲੇ ਤਲਾਣੀਆਂ ਨਿਵਾਸੀ ਬਿੱਲੂ ਉਰਫ ਬਿੱਟੂ ਪੁੱਤਰ ਭਗਵਾਨ ਸਿੰਘ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 29 ਦਸੰਬਰ ਨੂੰ ਐਫ.ਆਈ.ਆਰ ਨੰ: 210 ਦਰਜ਼ ਕਰਕੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ  ਵਿੱਚ ਸੰਗਤ ਲਈ ਦੁੱਧ ਲਿਆਉਣ ਦੇ ਨਾਮ ਤੇ ਬਿੱਲੂ ਪੁੱਤਰ ਭਗਵਾਨ ਸਿੰਘ ਅਤੇ ਉਸਦੇ ਸਾਥੀਆਂ ਹੰਸ ਰਾਜ ਪੁੱਤਰ ਕਦਾ ਰਾਮ, ਰਾਜ ਕੁਮਾਰ ਉਰਫ ਆਸਮ ਅਤੇ ਓਂਕਾਰ ਵੱਲੋਂ ਵੇਰਕਾ ਨੂੰ ਬਦਨਾਮ ਕਰਨ ਲਈ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ।

ਸ਼ੇਰਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਮਾਮਲੇ ਦੀ ਵੇਰਕਾ ਵੱਲੋਂ ਜਾਂਚ ਕਰਵਾਈ ਗਈ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਵਿੱਚ ਦਰਸਾਏ ਗਏ ਦੁੱਧ ਦਾ ਵੇਰਕਾ ਮਿਲਕ ਪਲਾਂਟ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਪਿੱਛੇ ਕੋਈ ਹੋਰ ਵਿਅਕਤੀ ਜਾਂ ਵੇਰਕਾ ਦੇ ਮੁਕਾਬਲੇ ਵਾਲੀ  ਕੋਈ ਦੂਜੀ ਧਿਰ ਤਾਂ ਸ਼ਾਮਲ ਨਹੀਂ ਹੈ।

ਸ਼ੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਨਾ ਪਿਆ ਮਹਿੰਗਾ ; ਪੁਲਿਸ ਨੇ ਕੀਤਾ ਮਾਮਲਾ ਦਰਜ਼-Photo courtesy-Internet

ਚੇਅਰਮੈਨ ਮਿਲਕਫੈਡ ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੇ ਨੇ ਵੇਰਕਾ ਵਿਰੁੱਧ ਗਲਤ ਬਿਆਨ ਦੇ ਕੇ ਜਾਅਲੀ ਦੁੱਧ ਤਿਆਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਵੇਰਕਾ ਮਿਲਕ ਪਲਾਂਟ, ਪਟਿਆਲਾ ਤੇ ਮੋਹਾਲੀ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਗਿਆ, ਕਿਉਂਕਿ ਬਿੱਲੂ ਪੁੱਤਰ ਭਗਵਾਨ ਸਿੰਘ ਇਸ ਤੋਂ ਪਹਿਲਾਂ ਮਿਲਕ ਪਲਾਂਟ, ਮੋਹਾਲੀ ਨਾਲ ਜੁੜੀ ਸਭਾ ਦਾ ਸਕੱਤਰ ਸੀ, ਜਿਸ ਨੂੰ ਕਿਸੇ ਵਿੱਤੀ ਮਾਮਲੇ ਕਰਕੇ ਵੇਰਕਾ ਮੋਹਾਲੀ ਡੇਅਰੀ ਵੱਲੋਂ ਸਾਲ 2018 ਵਿੱਚ ਇਸ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਸੀ, ਇਸ ਕਰਕੇ  ਇਸ ਵਿਅਕਤੀ ਵੱਲੋਂ ਇਹ ਵੀਡੀਓ ਵੇਰਕਾ ਮਿਲਕ ਪਲਾਂਟ ਦੇ ਅਕਸ ਨੂੰ ਖਰਾਬ ਕਰਨ ਲਈ ਵਾਇਰਲ ਕੀਤੀ ਗਈ।