ਸੁਨੀਲ ਜਾਖੜ ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ

189

ਸੁਨੀਲ  ਜਾਖੜ  ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ

ਬਹਾਦਰਜੀਤ ਸਿੰਘ /ਰੂਪਨਗਰ, 24 ਅਕਤੂਬਰ,2023

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੰਗ ਕੀਤੀ ਕਿ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਉਹ ਅੱਜ ਮ੍ਰਿਤਕਾ ਦੇ ਪਰਿਵਾਰ ਤੇ ਫਰੰਟ ਦੇ ਮੈਂਬਰਾਂ ਵਲੋਂ ਸਿਵਲ ਹਸਪਤਾਲ ਰੂਪਨਗਰ ਦੇ ਮੋਰਚਰੀ ਰੂਮ ਕੋਲ ਲਗਾਏ ਧਰਨੇ ਵਿਚ ਸ਼ਾਮਲ ਹੋਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਬੀਬਾ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਮੰਤਰੀ ਦਾ ਨਾਂ ਸਪਸ਼ਟ ਲਿਖਿਆ ਹੈ ਫੇਰ ਵੀ ਸਿੱਧੇ ਤੇ ਸਪੱਸ਼ਟ ਇਸ ਮਾਮਲੇ ਨੂੰ ਪੁਲਿਸ ਵਲੋਂ ਪੇਚੀਦਾ ਬਣਾਇਆ ਜਾ ਰਿਹਾ ਹੈ ਤੇ ਮੰਤਰੀ ਵਿਰੁੱਧ ਪਰਚਾ ਦਰਜ ਕਰਨ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬੀਤੀ ਰਾਤ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਆਪਣੀ ਸਮੁੱਚੀ ਟੀਮ ਦੇ ਨਾਲ ਪਰਚਾ ਦਰਜ ਕਰਵਾਉਣ ਲਈ ਪਰਿਵਾਰਕ ਤੇ ਫਰੰਟ ਦੇ ਮੈਂਬਰਾਂ ਨਾਲ ਸਿਟੀ ਥਾਣਾ ਰੂਪਨਗਰ ਵਿਖੇ ਅਡਿੱਗ ਰਹੇ ਪਰ ਪੁਲਿਸ ਵਲੋਂ ਸਿਸਟਮ ਵਿਚ ਗੜਬੜੀ ਹੋਣ ਦੀ ਦਲੀਲ ਦੇ ਕੇ ਜਲਦ ਹੀ ਮੰਤਰੀ ਖਿਲਾਫ ਸ਼ਿਕਾਇਤ ਦਰਜ ਕਰਨ ਦਾ ਭਰੋਸਾ ਤਾਂ ਦਿੱਤਾ ਹੈ ਪਰ ਹਾਲੇ ਤੀਕਰ ਵੀ ਕੋਈ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਖੜਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨਸਾਫ ਦੇਣ ਵਾਲੇ ਹੀ ਕਟਹਿਰੇ ਵਿਚ ਆ ਜਾਣ ਤਾਂ ਫੇਰ ਕਿਸ ਤੋਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ ?

ਜਾਖੜ ਨੇ ਕਿਹਾ ਕਿ ਰੁਜ਼ਗਾਰ ਦੇਣਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਤੇ ਬੀਬਾ ਬਲਵਿੰਦਰ ਕੌਰ ਵਲੋਂ ਲਿਖਿਆ ਆਤਮ ਹੱਤਿਆ ਨੋਟ ਸਪੱਸ਼ਟ ਦੱਸਦਾ ਹੈ ਕਿ ਰੁਜ਼ਗਾਰ ਨਾ ਮਿਲਣ ਕਾਰਨ ਕਿੰਨੀ ਡਿਪਰੈਸ਼ਨ ਵਿਚ ਸੀ, ਜੋ ਉਸ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੀ ਸੰਜੀਦਗੀ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 50 ਦਿਨਾਂ ਤੋਂ ਵੱਧ ਧਰਨੇ ‘ਤੇ ਡਟੇ ਇਨ੍ਹਾਂ ਪ੍ਰੋਫੈਸਰਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਧਰਨੇ ਨੂੰ ਅਣਗੌਲਿਆ ਹੀ ਕਰ ਦਿੱਤਾ ਜਿਸਦਾ ਨਤੀਜਾ ਇਹ ਹੈ ਕਿ ਸਾਨੂੰ ਇੱਕ ਹੋਣਹਾਰ ਧੀ ਨੂੰ ਖੌਣਾ ਪਿਆ।

ਸੁਨੀਲ  ਜਾਖੜ  ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ

ਜਾਖੜ ਨੇ ਕਿਹਾ ਕਿ ਭਗਵੰਤ ਮਾਨ ਤੇ ਉਸ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਤਾ ਦਾ ਨਸ਼ਾ ਇਸ ਕਦਰ ਚੜ੍ਹ ਗਿਆ ਹੈ ਕਿ ਉਹ ਗੱਲ–ਗੱਲ ‘ਤੇ ਗੱਪਾਂ ਮਾਰ ਦਿੰਦੇ ਹਨ, ਝੂਠੇ ਤੱਥਾਂ ਨੂੰ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਕੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਪੰਜਾਬ ਦੀ ਜਨਤਾ ਬੇਵਕੂਫ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਬੈਠ ਤਾਰ ਹਿਲਾਉਂਦਾ ਹੈ ਤੇ ਇੱਥੇ ਪੰਜਾਬ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਕੈਬਨਿਟ ਤੇ ਵਿਧਾਇਕ ਕਠਪੁਤਲੀ ਵਾਂਗ ਨੱਚਦੇ ਹਨ। ਜਾਖੜ ਨੇ ਕਿਹਾ ਕਿ ਜਦੋਂ ਤੱਕ ਬੀਬਾ ਬਲਵਿੰਦਰ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਇਸ ਸੰਘਰਸ਼ ਵਿਚ ਪਰਿਵਾਰ ਦੇ ਮੋਢੇ ਨਾਲ ਮੋਢੇ ਲਾ ਕਿ ਡਟੇ ਰਹਿਣਗੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਬਹੁਤ ਹੀ ਭਾਵੁਕ ਕਰਨ ਵਾਲਾ ਸਮਾਂ ਹੈ ਕਿਉਂਕਿ ਪੀਐਚਡੀ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਵੀ ਰੁਜ਼ਗਾਰ ਨਾ ਪ੍ਰਾਪਤ ਹੋਣ ਕਰਕੇ ਸਾਡੀ ਹੋਣਹਾਰ ਧੀ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਤੋਂ ਲੈ ਕੇ ਹੁਣ ਤੱਕ ਪੱਬਾਂ ਭਾਰ ਹੋ ਕਿ ਇਸ ਮਾਮਲੇ ਵਿਚ ਪਰਿਵਾਰ ਦੀ ਮੰਗ ਅਨੁਸਾਰ ਪਰਚਾ ਦਰਜ ਕਰਵਾਉਣ ਲਈ ਡਟੇ ਹੋਏ ਹਨ ਪਰ ਤੱਥਾਂ ਦੀ ਮੌਜੂਦਗੀ ਹੁੰਦਿਆ ਹੋਇਆ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰਨ ਵਿਚ ਅਸਮਰੱਥ ਜਾਪਦੀ ਹੈ।

ਇਸ ਮੌਕੇ ਸੁਭਾਸ਼ ਸ਼ਰਮਾ, ਰਮਨ ਜਿੰਦਲ, ਦਰਸ਼ਨ ਸਿੰਘ ਸ਼ਿਵਜੋਤ, ਜਤਿੰਦਰ ਅਠਵਾਲ, ਜਗਦੀਸ਼ ਚੰਦਰ ਕਾਜਲਾ, ਜਗਦੀਸ਼ ਕਟਲੀ, ਅਮਨਪ੍ਰੀਤ ਕਾਬੜਵਾਲ, ਪਰਮਜੀਤ ਸਿੰਘ ਬਾਵਾ ਸੇਵਾਮੁਕਤ ਸੁਪਰਡੈਂਟ, ਰਾਣਾ ਰਾਜ ਕੁਮਾਰ, ਨਿਸ਼ਾਂਤ ਰਾਣਾ, ਅਭੀਸ਼ੇਕ ਅਗਨੀਹੋਤਰੀ, ਹਰਵੀਰ ਸਿੰਘ, ਅਰਸ਼ੀ ਆਜਮਪੁਰ, ਸੁਰਿੰਦਰਪਾਲ ਸੇਠੀ, ਰਕੇਸ਼ ਚੋਪੜਾ, ਟੋਨੀ ਵਰਮਾ, ਗਗਨ ਗੁਪਤਾ, ਆਦਿ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ, ਫਰੰਟ ਦੇ ਮੈਂਬਰ ਤੇ ਹੋਰ ਆਗੂ ਮੌਜੂਦ ਸਨ।