‘ਜਿੰਦ ਤੇਰੇ ਨਾਮ’ ਦਾ ਪੋਸਟਰ ਲੋਕ ਗਾਇਕ ਹਰਜੀਤ ਹਰਮਨ ਨੇ ਕੀਤਾ ਰਿਲੀਜ਼
ਕੰਵਰ ਇੰਦਰ ਸਿੰਘ/ਪਟਿਆਲਾ/ 24 ਸਤਬੰਰ :
ਪੰਜਾਬੀ ਸਭਿਆਚਾਰ ਵਿਚ ਆਪਣੀ ਸਾਫ ਸੁਥਰੀ ਗਾਇਕੀ ਵਜੋਂ ਨਿਵੇਕਲੀ ਪਛਾਣ ਬਣਾਉਣ ਵਾਲੇ ਲੋਕ ਗਾਇਕ ਹਰਜੀਤ ਹਰਮਨ ਨੇ ਉਭਰਦੀ ਗਾਇਕਾ ਜਸਕਿਰਨ ਦੀ ਆਵਾਜ਼ ਵਿਚ ਗਾਏ ਸਿੰਗਲ ਟਰੈਕ ‘ਜਿੰਦ ਤੇਰੇ ਨਾਮ’ ਦਾ ਪੋਸਟਰ ਪਟਿਆਲਾ ਮੀਡੀਆ ਕਲੱਬ ਵਿਖੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਇਹ ਗੀਤ ਜੱਗੀ ਟੌਹੜਾ ਦਾ ਲਿਖਿਆ ਹੋਇਆ ਅਤੇ ਸਿੰਘ ਵਿਦ ਬੈਨਜ਼ ਬੈਨਰ ਹੇਠ ਗੇਮ ਬੁਆਏ ਦੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਇਸ ਪ੍ਰਾਜੈਕਟ ਦੇ ਪ੍ਰੋਡਿਊਸਰ ਦੀਪ ਧਾਲੀਵਾਲ ਹਨ। ਇਸ ਗੀਤ ਦਾ ਫਿਲਮਾਂਕਣ ਸੋਨੀ ਧੀਮਾਨ ਤੇ ਪਰਮ ਧੀਮਾਨ ਨੇ ਕੀਤਾ ਹੈ।
ਜਿਸ ਸੰਬੰਧੀ ਸੋਨੀ ਧੀਮਾਨ ਨੇ ਦੱਸਿਆ ਪੰਜਾਬੀ ਵਿਰਸੇ ਦੇ ਬੋਲਾਂ ਦਾ ਫਿਲਮਾਂਕਣ ਕਰਦਿਆਂ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਅਜਿਹੇ ਹੋਣਹਾਰ ਕਲਾਕਾਰਾਂ ਨੂੰ ਪ੍ਰੋਮੋਟ ਕਰਨਗੇ। ਇਸ ਮੌਕੇ ਲੇਖਕ ਅਲੀ ਰਾਜਪੁਰਾ, ਗਗਨਦੀਪ ਕੌਂਕੇ, ਨਰਿੰਦਰ ਖੇੜੀਮਾਨੀਆਂ, ਸੁਖਰਾਜ ਕੁਮਾਰ ਲੱਕੀ, ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ, ਬਿਕਸੀ ਸਿੰਘ, ਰਣਜੀਤ ਸਿੰਘ ਰੱਖੜਾ ਤੇ ਹਰਵਿੰਦਰ ਸਿੰਘ ਭੋਲਾ ਟੋਹੜਾ ਵੀ ਹਾਜ਼ਰ ਸਨ।
ਲੋਕ ਗਾਇਕ ਹਰਜੀਤ ਹਰਮਨ ਨੇ ਕਿਹਾ ਕਿ ਜਿਹੜੇ ਬੱਚੇ ਛੋਟੀ ਉਮਰ ਤੋਂ ਹੀ ਪੰਜਾਬੀ ਵਿਰਸੇ ਨਾਲ ਰੰਗੇ ਹੋਏ ਗੀਤ ਗਾ ਕੇ ਆਪਣੀ ਪਹਿਚਾਣ ਬਣਾ ਰਹੇ ਹਨ ਉਹ ਭਵਿੱਖ ਵਿਚ ਵੀ ਪਰਿਵਾਰਕ ਤੇ ਸਭਿਆਚਾਰਕ ਗੀਤ ਗਾ ਕੇ ਮਾਂ ਬੋਲੀ ਦੀ ਸੇਵਾ ਕਰਨਗੇ। ਗਾਇਕਾ ਜਸਕਿਰਨ ਨੇ ਕਿਹਾ ਕਿ ਉਹ ਸੇਧ ਦੇਣ ਵਾਲੇ ਗੀਤ ਗਾਉਣ ਨੂੰ ਹੀ ਪਹਿਲ ਦੇਣਗੇ ਅਤੇ ਪਰਿਵਾਰ ਵਿਚ ਬੈਠ ਕੇ ਸੁਣਨ ਅਤੇ ਦੇਖੇ ਜਾ ਸਕਣ ਵਾਲੇ ਗੀਤ ਹੀ ਗਾਉਣਗੇ।
