ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਮੈਗਾ ਖੂਨ ਦਾਨ ਕੈਂਪ ਦਾ ਆਯੋਜਨ
ਧੂਰੀ 23 ਨਵੰਬਰ,2023 :
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਐੱਨ ਐੱਸ ਐੱਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਮਾਲੇਰਕੋਟਲਾ ਤੋਂ ਡਾ. ਯਾਦਵਿੰਦਰ ਸਿੰਘ ਆਪਣੀ ਟੀਮ ਨਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਸਿਹਤਮੰਦ ਵਿਅਕਤੀ ਦੁਆਰਾ ਖੂਨ ਦਾਨ ਕਰਨ ਨਾਲ ਉਸ ਦੀ ਸਿਹਤ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ। ਇੱਕ ਸਿਹਤਮੰਦ ਵਿਅਕਤੀ ਤਿੰਨ ਮਹੀਨੇ ਵਿੱਚ ਇੱਕ ਵਾਰ ਖੂਨ ਦਾਨ ਕਰ ਸਕਦਾ ਹੈ ਅਤੇ ਉਸਦੇ ਸਰੀਰ ਵਿੱਚ ਖੂਨ ਦੀ ਪੂਰਤੀ ਕੁਝ ਹੀ ਦਿਨਾਂ ਵਿਚ ਹੋ ਜਾਂਦੀ ਹੈ।
ਖੂਨ ਦਾਨ ਕੈਂਪ ਦਾ ਸਾਰਾ ਖਰਚਾ ਐੱਚ.ਡੀ.ਐੱਫ.ਸੀ. ਬੈਂਕ, ਸੰਗਰੂਰ ਵੱਲੋਂ ਕੀਤਾ ਗਿਆ ਅਤੇ ਸਬੰਧਤ ਬੈਂਕ ਤੋਂ ਮੁੱਖ ਕਲੱਸਟਰ ਸ. ਹਰਮਨਜੀਤ ਸਿੰਘ ਤੇ ਬੀ ਓ ਐੱਮ ਪੰਕਜ ਗਰਗ ਨੇ ਉਚੇਚੇ ਤੌਰ ਤੇ ਕੈਂਪ ਵਿੱਚ ਪਹੁੰਚ ਕੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਐੱਨ ਐੱਸ ਐੱਸ ਯਨਿਟਾਂ ਦੇ ਪ੍ਰੋਗਰਾਮ ਅਫਸਰ ਡਾ. ਅਸ਼ੋਕ ਕੁਮਾਰ ਤੇ ਡਾ. ਊਸ਼ਾ ਜੈਨ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਖੂਨ ਦਾਨ ਮਹਾਂ ਦਾਨ ਹੈ। ਖੂਨ ਦਾਨ ਤੋਂ ਉਪਰ ਹੋਰ ਕੋਈ ਵੀ ਦਾਨ ਨਹੀਂ ਹੈ। ਖੂਨ ਦਾਨੀ ਆਪਣੇ ਦਾਨ ਕੀਤੇ ਇੱਕ ਯੂਨਿਟ ਖੂਨ ਨਾਲ ਚਾਰ ਮਰੀਜਾਂ ਦੀ ਜਾਨ ਬਚਾ ਸਕਦਾ ਹੈ।
ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਵੀ ਖੂਨਦਾਨ ਕੀਤਾ। ਇਸ ਸਮੇਂ ਸਰੀਰਿਕ ਸਿੱਖਿਆ ਵਿਸ਼ੇ ਦੇ ਸੀਨੀਅਰ ਅਧਿਆਪਕ ਡਾ. ਸੰਜੀਵ ਦੱਤਾ ਨੇ 53ਵੀਂ ਵਾਰ ਖੂਨ ਦਾਨ ਕਰਕੇ ਮਿਸਾਲ ਕਾਇਮ ਕੀਤੀ। ਕੈਂਪ ਵਿੱਚ ਕੁੱਲ 43 ਯੂਨਿਟ ਖੂਨ ਦਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਮਾਨਵਤਾ ਦੀ ਸੇਵਾ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਯਤਨ ਕਰਨ ਲਈ ਉਤਸ਼ਾਹਿਤ ਕੀਤਾ।