ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਵਿਚ ਮੰਤਰੀ ਹਰਜੋਤ ਬੈਂਸ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਮੰਤਰੀ ਮੰਡਲ ‘ਚ ਬਰਖ਼ਾਸਤਗੀ ਹੋਵੇ-ਅਜੈਵੀਰ ਸਿੰਘ ਲਾਲਪੁਰਾ
ਬਹਾਦਰਜੀਤ ਸਿੰਘ/ਰੂਪਨਗਰ,23 ਅਕਤੂਬਰ,2023
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਪਹੁੰਚ ਕਿ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਦਿੱਤਾ ਅਤੇ ਇਸ ਮਾਮਲੇ ‘ਚ ਭਗਵੰਤਮਾਨ ਸਰਕਾਰ ਨੂੰ ਹਰਜੋਤ ਸਿੰਘ ਬੈਂਸ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸਹਾਇਕ ਪੋ੍ਫੈਸਰ ਬਲਵਿੰਦਰ ਕੌਰ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਖੁਦਕੁਸ਼ੀ ਦਾ ਰਾਹ ਚੁਣਿਆ ਹੈ ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਅਸਤੀਫ਼ਾ ਲੈ ਕੇ ਤੁਰੰਤ ਪਰਚਾ ਦਰਜ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ। ਲਾਲਪੁਰਾ ਨੇ ਕਿਹਾ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬਲਵਿੰਦਰ ਕੌਰ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸਟੇਸ਼ਨ ਅਲਾਟ ਨਾ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਆਪਣੇ ਖੁਦਕੁਸ਼ੀ ਨੋਟ ਵਿਚ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਮੁਤਾਬਕ ਜਿਸ ਕਿਸੇ ਦਾ ਵੀ ਨਾਂ ਖੁਦਕੁਸ਼ੀ ਦੇ ਨੋਟ ਵਿਚ ਹੁੰਦਾ ਹੈ, ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਤਿੰਨ ਵਾਰ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਖਿਆ ਹੈ ਤੇ ਆਡੀਓ ਰਿਕਾਰਡਿੰਗ ਵੱਖਰੇ ਤੌਰ ’ਤੇ ਸਾਹਮਣੇ ਆਈ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਾਰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੇ ਮੈਂਬਰਾਂ ਦੀ ਮੰਗ ਨੂੰ ਵਾਰ-ਵਾਰ ਅਣਗੌਲਿਆ ਕੀਤਾ ਹੈ ਜਦੋਂ ਕਿ ਉਹ ਲਗਾਤਾਰ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿਚ ਉਹਨਾਂ ਦੇ ਘਰ ਮੂਹਰੇ ਧਰਨਾ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਤੇ ਪੋ੍ਫੈਸਰ ਵਰਗ ਜੋ ਹੋਰਨਾਂ ਲਈ ਚਾਨਣ ਮੁਨਾਰਾ ਹਨ, ਹੀ ਸਰਕਾਰ ਤੋਂ ਤੰਗ ਪਰੇਸ਼ਾਨ ਹੋ ਕੇ ਖ਼ੁਦਕੁਸ਼ੀਆਂ ਦਾ ਰਾਹ ਚੁਣਨ ਲੱਗ ਜਾਣ ਤਾਂ ਫੇਰ ਦੂਜੇ ਲੋਕਾਂ ਦਾ ਕੀ ਬਣੇਗਾ ਤੇ ਉਨ੍ਹਾਂ ਨੂੰ ਇਨਸਾਫ਼ ਅਤੇ ਨਿਆਂ ਕਿਥੋਂ ਮਿਲੂਗਾ। ਉਨ੍ਹਾਂ ਕਿਹਾ ਕਿ ਇਹ ਅਤਿ ਨਿੰਦਣਯੋਗ ਘਟਨਾ ਹੈ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ । ਪੰਜਾਬ ਦੇ ਕਾਲਜਾਂ ‘ਚ ਅਸਿਸਟੈਂਟ ਪੋ੍ਫੈਸਰਾਂ ਦੀ ਘਾਟ ਹੈ ਪਰ ‘ਆਪ’ ਸਰਕਾਰ ਨਵੀਂ ਭਰਤੀ ਕਰਨੀ ਤਾਂ ਦੂਰ ਪਹਿਲਾਂ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ 1158 ਅਸਿਸਟੈਂਟ ਪੋ੍ਫੈਸਰਾਂ ਦੀ ਜੁਆਇਨਿੰਗ ਵੀ ਨਹੀਂ ਕਰਵਾ ਰਹੀ।
ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤੇ ਜਾ ਰਹੇ ਇਨ੍ਹਾਂ ਬੇਰੁਜ਼ਗਾਰਾਂ ਦਾ ਸਰਕਾਰ ਵੱਲੋਂ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲਾਲਪੁਰਾ ਨੇ ਕਿਹਾ ਕਿ ਸਰਕਾਰ ਹਰਜੋਤ ਬੈਂਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਭਾਜਮਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਸਖਵੀਰ ਤੰਬੜ, ਜਗਦੀਸ਼ ਕਟਲੀ, ਰਕੇਸ਼ ਚੋਪੜਾ, ਗਿੰਨੀ ਜੌਲੀ, ਪ੍ਰਿੰਸ ਰਾਣਾ, ਅਭੀਸ਼ੇਕ ਅਗਨੀਹੋਤਰੀ, ਰਕੇਸ਼ ਕ੍ਰਿਪਲਾਨੀ, ਰਾਜ ਕੁਮਾਰ ਰਾਣਾ ਆਦਿ ਮੌਜੂਦ ਸਨ