ਫ਼ਤਹਿਗੜ੍ਹ ਸਾਹਿਬ ਲੋਕਾਂ ਦੇ ਘਰਾਂ ਤੱਕ ਪੁਚਾਈਆਂ ਜਾ ਰਹੀਆਂ ਨੇ ਸਿਹਤ ਸੇਵਾਵਾਂ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

140
Social Share

ਫ਼ਤਹਿਗੜ੍ਹ ਸਾਹਿਬ ਲੋਕਾਂ ਦੇ ਘਰਾਂ ਤੱਕ ਪੁਚਾਈਆਂ ਜਾ ਰਹੀਆਂ ਨੇ ਸਿਹਤ ਸੇਵਾਵਾਂ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ :

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿਥੇ ਸੈਕਟਰ ਅਫਸਰਾਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਦਾ  ਚੈੱਕਅੱਪ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਾਏ ਸੈਕਟਰ ਅਫ਼ਸਰਾਂ ਦੀ ਅਗਵਾਈ ਵਿੱਚ ਪਹਿਲਾਂ ਪੰਚ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੈਂਪ ਸਬੰਧੀ ਸੁਨੇਹਾ ਲਗਾਇਆ ਜਾਂਦਾ ਹੈ ਅਤੇ ਫਿਰ ਪਿੰਡ ਦੀ ਸਾਂਝੀ ਥਾਂ ਉਤੇ ਲਾਏ ਜਾਂਦੇ ਕੈਂਪ ਵਿੱਚ ਡਾਕਟਰਾਂ ਵੱਲੋਂ ਚੈਕਅੱਪ ਕਰ ਕੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਇਸ ਪ੍ਰਕਿਰਿਆ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਪਿੰਡਾਂ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਵਿੱਚੋਂ ਲਗਾਤਾਰ ਅਨਾਊਂਸਮੈਂਟਸ ਵੀ ਕਰਵਾਈਆਂ ਜਾ ਰਹੀਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਦਿੱਤੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਇਆ ਜਾਵੇ। ਖੰਘ ਜਾਂ ਛਿੱਕਣ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕਿਆ ਜਾਵੇ ਕਿਉਂਕਿ ਇਹ ਬਿਮਾਰੀ ਇੱਕ ਪੀੜਤ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਨੂੰ ਥੁੱਕ ਕਣਾਂ ਰਾਹੀਂ ਫੈਲਦੀ ਹੈ।


ਇਸ ਲਈ ਫਲੂ ਵਰਗੇ ਲੱਛਣਾਂ ਵਾਲੇ ਵਿਅਕਤੀ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਕਿਸੇ ਵੀ ਵਿਅਕਤੀ ਨਾਲ ਹੱਥ ਨਾ ਮਿਲਾਇਆ ਜਾਵੇ। ਖੰਘ, ਬੁਖਾਰ ਜਾਂ ਸਾਹ ਲੈਣ ਵਿੱਚ ਦਿੱਕਤ ਆਉਣ ਦੀ ਸੂਰਤ ਵਿੱਚ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ਸਿੱਧੂ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਲਾਉਣ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਚੀਜ਼ਾਂ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ ਤੇ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸੈਕਟਰ ਅਫ਼ਸਰਾਂ ਵੱਲੋਂ ਉਨ੍ਹਾਂ ਮੁਸ਼ਕਲਾਂ ਨੂੰ ਫੌਰੀ ਤੌਰ ਉਤੇ ਹੱਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ।