ਇੰਸਟੀਚੂਸ਼ਨ ਔਫ਼ ਇੰਜਨੀਅਰਜ਼ (ਆਈ.ਈ.ਆਈ.) ਦੇ ਵਿਦਿਆਰਥੀ ਚੈਪਟਰ ਦੀ ਪੰਜਾਬੀ ਯੂਨੀਵਰਸਿਟੀ ਵਿਚ ਸਥਾਪਨਾ
ਪਟਿਆਲਾ/ 9 ਮਾਰਚ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਵੱਲੋਂ ਆਪਣੇ ਵਿਭਾਗ ਵਿਚ ਇੰਸਟੀਚੂਸ਼ਨ ਔਫ਼ ਇੰਜਨੀਅਰਜ਼ (ਆਈ.ਈ.ਆਈ.) ਦੇ ਵਿਦਿਆਰਥੀ ਚੈਪਟਰ ਦੀ ਸਥਾਪਨਾ ਕੀਤੀ ਗਈ ਹੈ। ਇਸ ਚੈਪਟਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਜਿਸ ਵਿਚ ਇਸ ਸੰਸਥਾ ਦੇ ਉਪ ਪ੍ਰਧਾਨ ਡਾ. ਤਾਰਾ ਸਿੰਘ ਕਮਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਈ.ਈ.ਆਈ. ਕਲਕੱਤਾ ਤੋਂ ਸਹਾਇਕ ਨਿਰਦੇਸ਼ਕ ਜੀ.ਸੀ. ਰਾਏ ਅਤੇ ਭਾਰਤ ਸਰਕਾਰ ਦੇ ਸਲਾਹਕਾਰ ਰਹੇ ਲਾਭ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇਹ ਇਕ ਅਹਿਮ ਪ੍ਰਾਪਤੀ ਹੈ। ਇਸ ਚੈਪਟਰ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਸੰਬੰਧਤ ਇੰਡਸਟਰੀ ਵਿਚ ਆਪਣੇ ਸੰਪਰਕ ਪੈਦਾ ਕਰਨ ਦੇ ਹੋਰ ਬਿਹਤਰ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਵੱਲੋਂ ਆਈ.ਈ.ਆਈ. ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਇਸ ਚੈਪਟਰ ਨੂੰ ਹਮੇਸ਼ਾ ਸਰਗਰਮ ਰੱਖਿਆ ਜਾਵੇ ਤਾਂ ਕਿ ਇਸ ਦਾ ਵੱਧ ਤੋਂ ਵੱਧ ਲਾਹਾ ਮਿਲੇ।
ਵਿਭਾਗ ਮੁਖੀ ਡਾ. ਰਮਨ ਮੈਣੀ ਵੱਲੋਂ ਇਸ ਸੰਸਥਾ ਬਾਰੇ ਅਤੇ ਇਸ ਨਾਲ ਸਾਂਝ ਪੈਦਾ ਹੋਣ ਉਪਰੰਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਵਿਚ ਦੱਸਿਆ।