ਕੋਵਿਡ ਖ਼ਿਲਾਫ਼ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨਾ ਸਾਡੀ ਸਮੂਹਿਕ ਜਿੰਮੇਵਾਰੀ-ਕੁਮਾਰ ਅਮਿਤ

249

ਕੋਵਿਡ ਖ਼ਿਲਾਫ਼ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨਾ ਸਾਡੀ ਸਮੂਹਿਕ ਜਿੰਮੇਵਾਰੀ-ਕੁਮਾਰ ਅਮਿਤ

ਪਟਿਆਲਾ, 14 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨਾ ਸਾਡੀ ਸਮੂਹਿਕ ਜਿੰਮੇਵਾਰੀ ਬਣਦੀ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਸਬੰਧੀਂ ਅਗਲੇ ਦਿਨਾਂ ‘ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਮੌਕੇ  ਕੁਮਾਰ ਅਮਿਤ ਨੇ ਕਿਹਾ ਕਿ ਇਸ ਸਮੇਂ ਸਮੁੱਚੀ ਦੁਨੀਆਂ ਕੋਵਿਡ-19 ਵਾਇਰਸ ਦੇ ਖ਼ਤਰਨਾਕ ਦੌਰ ਵਿਚੋਂ ਲੰਘ ਰਹੀ ਹੈ ਅਤੇ ਕੇਸ ਲਗਾਤਾਰ ਵੱਧ ਰਹੇ ਹਨ ਪਰੰਤੂ ਇਸ ਲਾਇਲਾਜ ਬਿਮਾਰੀ ਤੋਂ ਕੁੱਝ ਸਾਵਧਾਨੀਆਂ ਅਪਣਾ ਕੇ ਹੀ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸੂਬਾ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਇਸ ਖ਼ਤਰਨਾਕ ਬਿਮਾਰੀ ਦੀ ਲਾਗ ਤੋਂ ਬਚਾਉਣ ਲਈ ਪਹਿਲਾਂ ਕਰਫਿਊ ਅਤੇ ਫਿਰ ਲਾਕ-ਡਾਊਨ ਲਗਾਇਆ, ਜਿਸ ਵਿੱਚ ਵੱਡੀ ਸਫਲਤਾ ਮਿਲੀ ਅਤੇ ਹੁਣ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਗਈ ਹੈ।

ਕੁਮਾਰ ਅਮਿਤ ਨੇ ਲੋਕਾਂ ਨੂੰ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਾਸਕ ਲਗਾਉਣਾ, ਆਪਸੀ ਵਿੱਥ, ਹੱਥਾਂ ਦੀ ਸਫਾਈ, ਜਨਤਕ ਥਾਵਾਂ ‘ਤੇ ਨਾ ਥੁੱਕਣਾ ਅਤੇ ਗ਼ੈਰ ਜ਼ਰੂਰੀ ਸਫ਼ਰ ਤੋਂ ਗੁਰੇਜ਼ ‘ਤੇ ਅਮਲ ਕਰਕੇ ਆਪਾਂ ਸਾਰੇ ਇਸ ਵਾਇਰਸ ਦੀ ਲਾਗ ਤੋਂ ਬਚ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਮ ਲੋਕਾਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ‘ਚ ਵੀ ਚੌਕਸ ਰਹਿੰਦੇ ਹੋਏ ਕੋਰੋਨਾਵਾਇਰਸ ਤੋਂ ਬਚਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਕੋਰੋਨਾਂ ਯੋਧਿਆਂ ਲਈ ਬਣਾਏ ਗਏ ਬੈਜ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ।

ਕੁਮਾਰ ਅਮਿਤ ਨੇ ਦੱਸਿਆ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਚੌਕਸੀ ਵਰਤ ਰਿਹਾ ਹੈ, ਉਥੇ ਲੋਕਾਂ ਦੀ ਜਾਗਰੂਕਤਾ ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਸਾਵਧਾਨੀਆਂ ਫੈਲਾਉਣ ਲਈ ਫਲੈਕਸ ਹੋਰਡਿੰਗਜ ਲਗਾਏ ਗਏ ਅਤੇ ਅੱਜ ਪ੍ਰਚਾਰ ਵੈਨਾਂ ਨੂੰ ਰਵਾਨਾਂ ਕੀਤਾ ਗਿਆ ਹੈ। ਜਦੋਂਕਿ ਜਾਗਰੂਕਤਾ ਬਾਰੇ ਪੈਂਫਲੇਟ ਵੀ ਛਪਵਾਏ ਜਾ ਰਹੇ ਹਨ।

ਕੋਵਿਡ ਖ਼ਿਲਾਫ਼ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਨਾ ਸਾਡੀ ਸਮੂਹਿਕ ਜਿੰਮੇਵਾਰੀ-ਕੁਮਾਰ ਅਮਿਤ
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਹਿੰਦੂਸਤਾਨ ਟਾਈਮਜ਼ ਦੇ ਫੋਟੋ ਜਰਨਲਿਸਟ ਭਾਰਤ ਭੂਸ਼ਣ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਕੋਰੋਨਾਂ ਯੋਧਾ ਘੋਸ਼ਿਤ ਕੀਤਾ I

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)  ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ 15 ਜੂਨ ਤੋਂ ਇਸ ਜਨ-ਜਾਗਰੂਕਤਾ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਹਰੇਕ ਕੋਰੋਨਾ ਯੋਧੇ ਦਾ ‘ਮਿਸ਼ਨ ਫਤਿਹ’ ਬੈਜ ਨਾਲ ਸਨਮਾਨਤ ਕੀਤਾ ਜਾਵੇਗਾ। 16 ਜੂਨ ਨੂੰ ਆਂਗਨਵਾੜੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਕਰਨ ਦੇ ਸੁਨੇਹਾ ਦੇਣਗੀਆਂ।

ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ 17 ਜੂਨ ਨੂੰ ਪਿੰਡਾਂ ਦੇ ਸਰਪੰਚ ਮਿਸ਼ਨ ਫ਼ਤਿਹ ਦਾ ਬੈਜ ਲਗਾ ਕੇ ਆਪਣੇ ਪਿੰਡਾਂ ਵਿਚ ਲੋਕਾਂ ਨੂੰ ਮਾਸਕ ਲਗਾਉਣ, ਸੋਸ਼ਲ ਡਿਸਟੈਂਸ ਰੱਖਣ ਅਤੇ ਹੱਥਾਂ ਦੀ ਸਫਾਈ ਰੱਖਣ ਆਦਿ ਦਾ ਸੁਨੇਹਾ ਦੇਣਗੇ। 18 ਜੂਨ ਨੂੰ ਮੁੜ ਤੋਂ ਪ੍ਰਚਾਰ ਗੱਡੀਆਂ ਰਾਹੀਂ ਪਿੰਡਾਂ ਤੇ ਸ਼ਹਿਰਾਂ ਵਿਚ ਪ੍ਰਚਾਰ ਕੀਤਾ ਜਾਵੇਗਾ। 19 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਾਲੀਆਂ ਜਿਲ੍ਹੇ ਦੀਆਂ ਗ਼ੈਰ ਸਰਕਾਰੀ ਸੰਸਥਾਵਾਂ ਆਪਣੇ ਪੱਧਰ ਉਤੇ ਲੋਕਾਂ ਨੂੰ ਸੰਦੇਸ਼ ਦੇਣ ਲਈ ਘਰ-ਘਰ ਜਾਣਗੀਆਂ।

ਏ.ਡੀ.ਸੀ. ਨੇ ਦੱਸਿਆ ਕਿ 20 ਜੂਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਲੋਕਾਂ ਨੂੰ ਵਾਇਰਸ ਤੋਂ ਬਚੇ ਰਹਿਣ ਲਈ ਜ਼ਰੂਰੀ ਸਾਵਧਾਨੀਆਂ ਪਾਲਣ ਕਰਨ ਦੇ ਪ੍ਰੇਰਨਾ ਦੇਣਗੇ ਅਤੇ 21 ਜੂਨ ਨੂੰ ਸਥਾਨਕ ਵੈਲਫੇਅਰ ਕਮੇਟੀਆਂ ਤੇ ਹੋਰ ਸ਼ਹਿਰ ਵਾਸੀ ਇਹੀ ਸੁਨੇਹਾ ਆਪਣੇ-ਆਪਣੇ ਇਲਾਕੇ ਵਿਚ ਘਰ-ਘਰ ਜਾ ਕੇ ਦੇਣਗੇ।

ਪੂਜਾ ਨੇ ਦੱਸਿਆ ਕਿਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਵਰਤਦਿਆਂ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਅਤੇ ਉਨ੍ਹਾਂ ਨੂੰ ਬੈਜ ਅਤੇ ਟੀ-ਸ਼ਰਟ ਦੇ ਕੇ ਹੌਸਲਾ ਅਫ਼ਜਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਅਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਇਸ਼ਵਿੰਦਰ ਸਿੰਘ ਗਰੇਵਾਲ ਵੀ ਹਾਜ਼ਰ ਸਨ।