ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਕਿਹਾ -ਸਵੇਰੇ ਮੰਡੀ ਆਏ ਕਿਸਾਨ ਸ਼ਾਮ ਤੱਕ ਫਸਲ ਵੇਚ ਕੇ ਜਾ ਰਹੇ ਹਨ ਆਪਣੇ ਘਰਾਂ ਨੂੰ
ਮੋਗਾ, 20 ਅਪ੍ਰੈਲ ( ) –
ਮੋਗਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਨਿਰਵਿਘਨ ਚੱਲ ਰਹੀ ਹੈ। ਕਿਸਾਨਾਂ ਦੀ ਫਸਲ ਉਸੇ ਦਿਨ ਹੀ ਵਿਕ ਰਹੀ ਹੈ ਅਤੇ ਸਵੇਰੇ ਫਸਲ ਲੈ ਕੇ ਆਏ ਕਿਸਾਨ ਬਾਅਦ ਦੁਪਹਿਰ ਜਾਂ ਆਥਣ ਤੱਕ ਆਪਣੀ ਫਸਲ ਵੇਚ ਕੇ ਘਰਾਂ ਨੂੰ ਜਾ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਭਾਅ ਮਿਲ ਰਿਹਾ ਹੈ ਅਤੇ ਮੰਡੀਆਂ ਵਿੱਚ ਰਾਜ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ।
ਪਿੰਡ ਭੋਡੀਵਾਲਾ ਦੀ ਦਾਣਾ ਮੰਡੀ ਵਿਖੇ ਅੱਜ ਸ੍ਰ ਜਿਉਣ ਸਿੰਘ ਕਿਸਾਨ ਪਿੰਡ ਚੌਧਰੀ ਵਾਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੀ ਆਪਣੀ ਕਣਕ ਦੀ ਫਸਲ ਮੰਡੀ ਵਿੱਚ ਲੈ ਕੇ ਆਇਆ ਸੀ ਅਤੇ ਆਉਂਦੇ ਸਾਰ ਹੀ ਉਸਦੀ ਢੇਰੀ ਦੀ ਸਫ਼ਾਈ ਕੀਤੀ ਗਈ। ਉਮੀਦ ਹੈ ਕਿ ਅੱਜ ਸ਼ਾਮ ਤੱਕ ਉਹ ਆਪਣੀ ਫਸਲ ਵੇਚ ਕੇ ਆਪਣੇ ਘਰ ਵਾਪਿਸ ਚਲਿਆ ਜਾਵੇਗਾ। ਕਿਸਾਨ ਜਿਉਣ ਸਿੰਘ ਨੇ ਕਿਹਾ ਕਿ ਦਾਣਾ ਮੰਡੀ ਵਿੱਚ ਖਰੀਦ ਬਹੁਤ ਵਧੀਆ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਈ।
ਇਸੇ ਤਰ੍ਹਾਂ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੀ ਆਪਣੀ ਕਣਕ ਲੈ ਕੇ ਆਇਆ ਸੀ ਅਤੇ ਦੁਪਹਿਰ ਤੱਕ ਉਸਦੀ ਫਸਲ ਵਿੱਕ ਗਈ ਹੈ। ਉਸਨੇ ਦੱਸਿਆ ਕਿ ਕਿਸਾਨ ਜ਼ਿਲ੍ਹਾ ਮੋਗਾ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾ ਲਈ ਵੀ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਓਧਰ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਸ੍ਰ ਸਰਬਜੋਤ ਸਿੰਘ ਔਲਖ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆੜ੍ਹਤੀਏ ਵੱਲੋਂ ਦਿੱਤੇ ਟੋਕਨ ਅਨੁਸਾਰ ਹੀ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਮੰਡੀ ਵਿੱਚ ਸੋਸਲ ਡਿਸਟੈਂਸ ਨੂੰ ਕਾਇਮ ਰੱਖਿਆ ਜਾ ਸਕੇ।