ਡਿਪਰੈਸ਼ਨ ਇਲਾਜ ਲਈ ਦਵਾਈਆਂ ਦੇ ਨਾਲ਼ ਐੱਮ. ਬੀ.ਸੀ. ਟੀ. ਥੈਰੇਪੀ ਵਧੇਰੇ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ

555

ਡਿਪਰੈਸ਼ਨ ਇਲਾਜ ਲਈ ਦਵਾਈਆਂ ਦੇ ਨਾਲ਼ ਐੱਮ. ਬੀ.ਸੀ. ਟੀ. ਥੈਰੇਪੀ ਵਧੇਰੇ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਪਟਿਆਲਾ/ 21 ਮਈ, 2023

‘ਡਿਪਰੈਸ਼ਨ ਦੇ ਮਰੀਜ਼ਾਂ ਲਈ ਸਿਰਫ਼ ਦਵਾਈਆਂ ਦੀ ਵਰਤੋਂ ਕਰਨਾ ਓਨਾ ਕਾਰਗਰ ਸਾਬਿਤ ਨਹੀਂ ਹੁੰਦਾ ਜਿੰਨਾ ਕਿ ਦਵਾਈਆਂ ਦੇ ਨਾਲ਼ ਨਾਲ਼ ਐੱਮ. ਬੀ.ਸੀ. ਟੀ. ਦੇ ਨਾਮ ਨਾਲ਼ ਜਾਣੀ ਜਾਂਦੀ ਥੈਰੇਪੀ ਨੂੰ ਵਰਤਣਾ।’ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਾਪਤ ਅੰਕੜਿਆਂ ਦੇ ਅਧਾਰ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਕੀਤੀ ਇਕ ਤਾਜ਼ਾ ਖੋਜ ਵਿੱਚ ਇਸ ਧਾਰਨਾ ਬਾਰੇ ਪੁਸ਼ਟੀ ਕਰਦੇ ਹੋਏ ਠੋਸ ਨਤੀਜੇ ਸਾਹਮਣੇ ਆਏ ਹਨ। ਨਿਗਰਾਨ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਵਿੱਚ  ਖੋਜਾਰਥੀ ਦੀਕਸ਼ਾ ਸਚਦੇਵਾ ਵੱਲੋਂ ਇਹ ਖੋਜ ਕੀਤੀ ਗਈ। ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਸੰਦੀਪ ਗਰੋਵਰ ਨੇ ਇਸ ਖੋਜ ਕਾਰਜ ਦੌਰਾਨ ਸਹਿ-ਨਿਗਰਾਨ ਦੀ ਭੂਮਿਕਾ ਨਿਭਾਈ।

ਡਿਪਰੈਸ਼ਨ ਇਲਾਜ ਲਈ ਦਵਾਈਆਂ ਦੇ ਨਾਲ਼ ਐੱਮ. ਬੀ.ਸੀ. ਟੀ. ਥੈਰੇਪੀ ਵਧੇਰੇ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਨਿਗਰਾਨ ਡਾ. ਹਰਪ੍ਰੀਤ ਕੌਰ

ਪ੍ਰੋ. ਹਰਪ੍ਰੀਤ ਕੌਰ ਨੇ ਖੋਜ ਵਿਧੀ ਬਾਰੇ ਗੱਲ ਕਰਦਿਆਂ ਦੱਸਿਆ ਕਿ  ਪੀ.ਜੀ.ਆਈ. ਚੰਡੀਗੜ੍ਹ ਵਿੱਚੋਂ ਡਿਪਰੈਸ਼ਨ ਨਾਲ਼ ਜੂਝਦੇ 80 ਵੱਖ-ਵੱਖ ਕੇਸਾਂ ਨੂੰ ਲੈ ਕੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਸਮੂਹ ਦਾ ਸਿਰਫ਼ ਦਵਾਈਆਂ ਨਾਲ਼ ਇਲਾਜ ਕੀਤਾ ਗਿਆ ਅਤੇ ਦੂਜੇ ਸਮੂਹ ਨੂੰ ਦਵਾਈਆਂ ਦੇ ਨਾਲ਼ ਨਾਲ਼ ਐੱਮ. ਬੀ.ਸੀ. ਟੀ. ਦੇ ਨਾਮ ਨਾਲ਼ ਜਾਣੀ ਜਾਂਦੀ ਮਾਈਂਡਫੁਲਨੈੱਸ-ਬੇਸਡ ਕੌਗਨਿਟੀਵ ਥੈਰੇਪੀ ਵੀ ਮੁਹਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ 80 ਕੇਸਾਂ ਤੋਂ ਪਹਿਲਾਂ ਦੋ ਮਹੀਨਿਆਂ ਬਾਅਦ ਅਤੇ ਫਿਰ ਛੇ ਮਹੀਨਿਆਂ ਬਾਅਦ ਪ੍ਰਾਪਤ ਅੰਕੜਿਆਂ ਨੂੰ ਖੋਜ-ਕਾਰਜ ਵਿੱਚ ਵਿਸ਼ਲੇਸ਼ਣ ਲਈ ਵਰਤਿਆ ਗਿਆ। ਉਨ੍ਹਾਂ ਦੱਸਿਆ ਕਿ ਡਿਪਰੈਸ਼ਨ ਦੇ ਮਰੀਜ਼ਾਂ ਲਈ ਉਪਲੱਬਧ ਸਿਰਫ਼ ਦਵਾਈਆਂ ਦੀ ਵਰਤੋਂ ਵਾਲ਼ੀ ਸਥਿਤੀ ਦੇ ਮੁਕਾਬਲੇ ਥੈਰੇਪੀ ਦੇ ਨਾਲ਼ ਦਵਾਈਆਂ ਦਾ ਅਸਰ ਜ਼ਿਆਦਾ ਹੋਣ ਬਾਰੇ ਪਤਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਸ ਥੈਰੇਪੀ ਵਿੱਚ ਸਿੱਖੇ ਗਏ ਮੁੱਖ ਹੁਨਰਾਂ ਜਿਵੇਂ ਜਾਗਰੂਕਤਾ, ਚੇਤੰਨਤਾ, ਅਤੀਤ ਅਤੇ ਭਵਿੱਖ ਵਿੱਚ ਰਹਿਣ ਦੀ ਬਜਾਇ ਵਰਤਮਾਨ ਵਿੱਚ ਜਿਉਣਾ, ਧਿਆਨ ਇੱਕੋ ਥਾਂ ਕੇਂਦਰਿਤ ਨਾ ਕਰਨਾ ਆਦਿ ਨੂੰ ਵੱਖ-ਵੱਖ ਸੈਸ਼ਨਾਂ ਰਾਹੀਂ ਮਰੀਜ਼ਾਂ ਤੱਕ ਪਹੁੰਚਾਇਆ ਗਿਆ ਜਿਸ ਦਾ ਕਿ ਉਨ੍ਹਾਂ ਉੱਤੇ ਚੰਗਾ ਅਸਰ ਸਾਹਮਣੇ ਆਇਆ।

ਡਿਪਰੈਸ਼ਨ ਇਲਾਜ ਲਈ ਦਵਾਈਆਂ ਦੇ ਨਾਲ਼ ਐੱਮ. ਬੀ.ਸੀ. ਟੀ. ਥੈਰੇਪੀ ਵਧੇਰੇ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਸਹਿ-ਨਿਗਰਾਨ ਡਾ. ਸੰਦੀਪ ਗਰੋਵਰ

ਖੋਜਾਰਥੀ ਦੀਕਸ਼ਾ ਸਚਦੇਵਾ ਨੇ ਦੱਸਿਆ ਕਿ ਇਹ ਖੋਜ ਪੀ.ਜੀ.ਆਈ. ਚੰਡੀਗੜ੍ਹ ਤੋਂ ਮਨੋਵਿਗਿਆਨ ਵਿਭਾਗ ਦੇ ਡਾ. ਸੰਦੀਪ ਗਰੋਵਰ ਦੀ ਸਹਿ-ਨਿਰਦੇਸ਼ਨਾ ਹੇਠ ਇੱਕ ਇਕਰਾਰਨਾਮੇ ਉੱਤੇ ਹਸਤਾਖ਼ਰ ਕਰਨ ਤੋਂ ਬਾਅਦ ਮੁਕੰਮਲ ਹੋਈ ਹੈ। ਉਨ੍ਹਾਂ ਸੰਬੰਧਤ ਥੈਰੇਪੀ ਐੱਮ. ਬੀ.ਸੀ. ਟੀ.   ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਥੈਰੇਪੀ ਦੀ ਵਰਤੋਂ ਲਈ ਕਾਪੀਰਾਈਟ ਆਦਿ ਦੀਆਂ ਪ੍ਰਵਾਨਗੀਆਂ ਗਿਲਫੋਰਡ ਪ੍ਰੈੱਸ ਤੋਂ ਪ੍ਰਾਪਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਦੇ ਅਹਿਮ ਪੜਾਅ ਵਜੋਂ ਮਰੀਜ਼ਾਂ ਨੂੰ ਟੈਲੀ-ਮੋਡ ਦੇ 10-12 ਸੈਸ਼ਨਾਂ ਰਾਹੀਂ ਇਹ ਥੈਰੇਪੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਥੈਰੇਪੀ ਵਾਲ਼ੀ ਸਥਿਤੀ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਪ੍ਰਤੀਸ਼ਤਤਾ 52 ਰਹੀ ਜਦੋਂ ਕਿ ਸਿਰਫ਼ ਦਵਾਈਆਂ ਦੀ ਵਰਤੋਂ ਨਾਲ਼ 22 ਫ਼ੀਸਦੀ ਮਰੀਜ਼ ਹੀ ਠੀਕ ਹੋਏ।

ਡਿਪਰੈਸ਼ਨ ਇਲਾਜ ਲਈ ਦਵਾਈਆਂ ਦੇ ਨਾਲ਼ ਐੱਮ. ਬੀ.ਸੀ. ਟੀ. ਥੈਰੇਪੀ ਵਧੇਰੇ ਕਾਰਗਰ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਖੋਜਾਰਥੀ ਦੀਕਸ਼ਾ ਸਚਦੇਵਾ

 

ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ ਦੌੜ ਵਾਲ਼ੀ ਜ਼ਿੰਦਗੀ ਵਿੱਚ ਡਿਪਰੈਸ਼ਨ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸਿਰਫ਼ ਦਵਾਈ ਦੀ ਵਰਤੋਂ ਤੋਂ ਇਲਾਵਾ ਅਜਿਹੀਆਂ ਵਿਧੀਆਂ ਦੀ ਵਰਤੋਂ ਨਾਲ਼ ਇਲਾਜ ਹੋਣ ਨਾਲ਼ ਮਰੀਜ਼ਾਂ ਨੂੰ ਨਿਸ਼ਚੇ ਹੀ ਰਾਹਤ ਮਿਲਦੀ ਹੈ। ਇਸ ਲਈ ਵੱਖ-ਵੱਖ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਕਿਸਮ ਦੇ ਇਲਾਜ ਲੱਭਣ ਜਾਂ ਇਨ੍ਹਾਂ ਇਲਾਜ ਪੱਧਤੀਆਂ ਦੇ ਨਤੀਜਿਆਂ ਦੀ ਪੁਸ਼ਟੀ ਹਿਤ ਨਿੱਠ ਕੇ ਕੰਮ ਕਰਨ। ਇਸ ਲਿਹਾਜ਼ ਨਾਲ਼ ਇਹ ਖੋਜ ਟੀਮ ਵਧਾਈ ਦੀ ਪਾਤਰ ਹੈ।