ਪਰਨੀਤ ਅਤੇ ਧਰੁਵ ਕਪਿਲਾ ਦਾ ਪੰਜਾਬੀ ਯੂਨੀਵਰਸਿਟੀ ਵਿੱਚ ਸਨਮਾਨ; ਜੇਤੂ ਖਿਡਾਰੀਆਂ ਉੱਤੇ ਪਟਿਆਲਾ ਵਿੱਚ ਹੋਈ ਫੁੱਲਾਂ ਦੀ ਵਰਖਾ
ਪਟਿਆਲਾ/ਅਕਤੂਬਰ 11,2023
ਪੰਜਾਬੀ ਯੂਨੀਵਰਸਿਟੀ ਦੇ ਏਸ਼ੀਅਨ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਫੁੱਲਾਂ ਦੀ ਵਰਖਾਂ, ਪਟਾਕਿਆਂ ਦੇ ਧਮਾਕਿਆਂ ਅਤੇ ਢੋਲ ਦੀ ਤਾਲ ਉੱਤੇ ਜ਼ਬਰਦਸਤ ਸਵਾਗਤ ਕੀਤਾ ਗਿਆ। ਤੀਰਅੰਦਾਜ਼ੀ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਰਨੀਤ ਕੌਰ ਅਤੇ ਚਿੜੀ-ਛਿੱਕੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਸਵਾਗਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਗਵਾਈ ਵਿੱਚ ਖੇਡ ਵਿਭਾਗ ਅਤੇ ਖਿਡਾਰੀਆਂ ਦਾ ਵੱਡਾ ਜੱਥਾ ਸੀ ਅਤੇ ਨਾਲ ਹੀ ਇਲਾਕੇ ਦੇ ਦੋ ਵਿਧਾਇਕ ਗੁਰਲਾਲ ਸਿੰਘ ਘਨੌਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ਉੱਤੇ ਪੁੱਜੇ ਸਨ। ਦੋਵਾਂ ਖਿਡਾਰੀਆਂ ਦੇ ਪਰਿਵਾਰ ਦੇ ਜੀਅ ਅਤੇ ਹੋਰ ਸਕੇ ਸਬੰਧੀ ਵੀ ਮੌਕੇ ਉੱਤੇ ਪੁੱਜੇ ਹੋਏ ਸਨ।
ਖੁੱਲ੍ਹੀ ਜੀਪ ਵਿੱਚ ਦੋਵੇਂ ਖਿਡਾਰੀ ਅਤੇ ਤੀਰਅੰਦਾਜ਼ੀ ਵਿੱਚ ਯੂਨੀਵਰਸਿਟੀ ਵਿੱਚ ਕੋਚ ਵਜੋਂ ਕੰਮ ਕਰ ਰਹੇ ਸੁਰਿੰਦਰ ਸਿੰਘ ਰੰਧਾਵਾ ਜਦੋਂ ਗੇਟ ਉੱਤੇ ਪੁੱਜੇ ਤਾਂ ਫੁੱਲਾਂ ਦੀ ਵਰਖਾ ਅਤੇ ਪਤਵੰਤਿਆਂ ਵੱਲੋਂ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਗੇਟ ਤੋਂ ਸਾਇੰਸ ਆਡੀਟੋਰੀਅਮ ਤੱਕ ਵਿਸ਼ੇਸ਼ ਬੈਂਡ ਦੇ ਪਿੱਛੇ ਚੱਲ ਰਿਹਾ ਸਮੁੱਚਾ ਕਾਫ਼ਲਾ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਰਿਹਾ ਸੀ। ਪਰਨੀਤ ਕੌਰ ਨਾਲ ਅਭਿਆਸ ਕਰਨ ਵਾਲੇ ਸਾਥੀ ਖਿਡਾਰੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ ਜੋ ਵਾਰ-ਵਾਰ ਭੰਗੜਾ ਪਾਉਣ ਲੱਗਦੇ ਸਨ।
ਚੀਨ ਵਿੱਚ ਮੁਕੰਮਲ ਹੋਈਆਂ ਏਸ਼ੀਅਨ ਖੇਡਾਂ ਵਿੱਚ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਪ੍ਰਾਪਤੀਆਂ ਪਿੱਛੇ ਅਭਿਆਸ ਅਤੇ ਹੋਰ ਪੱਧਰ ਉੱਤੇ ਕੀਤੀਆਂ ਪ੍ਰਾਪਤੀਆਂ ਦੀਆਂ ਲੰਬੀਆਂ ਲੜੀਆਂ ਹਨ। ਇਹ ਖਿਡਾਰੀ ਕਦਮ-ਕਦਮ ਪੁੱਟਦੇ ਹੋਏ ਏਸ਼ੀਅਨ ਖੇਡਾਂ ਵਿੱਚ ਤਗਮਿਆਂ ਦੇ ਹੱਕਦਾਰ ਬਣੇ ਹਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ, ਕੋਚਿੰਗ ਅਮਲੇ ਅਤੇ ਸਮੁੱਚੇ ਪੰਜਾਬ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਨ੍ਹਾਂ ਨੇ ਰਾਹ ਪੱਧਰਾ ਕਰ ਦਿੱਤਾ ਅਤੇ ਹੁਣ ਹੋਰਾਂ ਖਿਡਾਰੀਆਂ ਇਨ੍ਹਾਂ ਦੇ ਨਕਸ਼ੇ-ਕਦਮ ਉੱਤੇ ਚਲਦੇ ਹੋਏ ਤਗਮਿਆਂ ਦੀ ਝੜੀ ਲਗਾ ਦੇਣੀ ਚਾਹੀਦੀ ਹੈ। ਇਸ ਮੌਕੇ ਦੋਵਾਂ ਵਿਧਾਇਕ ਸਾਹਿਬਾਨ ਨੇ ਖਿਡਾਰੀਆਂ, ਕੋਚਾਂ ਅਤੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਰਕਾਰ ਦੇ ਮੁਕੰਮਲ ਸਹਿਯੋਗ ਅਤੇ ਬਣਦੀ ਹੱਲਾਸ਼ੇਰੀ ਦੇਣ ਦੀ ਗੱਲ ਕੀਤੀ।
ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੀ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਏਸ਼ੀਅਨ ਖੇਡਾਂ ਦੇ ਤਗਮਿਆਂ ਬਾਬਤ ਦੱਸਿਆ ਕਿ ਇਹ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਦ੍ਰਿੜ-ਇਰਾਦੇ ਦਾ ਨਤੀਜਾ ਹੈ ਜਿਸ ਵਿੱਚ ਅਦਾਰੇ ਨੇ ਆਪਣਾ ਸੁਹਿਰਦ ਹਿੱਸਾ ਪਾਇਆ ਹੈ। ਇਸ ਮੌਕੇ ਉੱਘੇ ਲੇਖਕ ਅਜਾਇਬ ਸਿੰਘ ਟਿਵਾਣਾ ਨੇ ਮਾਨਸਾ ਜਿਲ੍ਹੇ ਦੇ ਯੋਗਦਾਨ ਨੂੰ ਪੇਸ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਪਰਨੀਤ ਕੌਰ ਅਤੇ ਧਰੁਵ ਕਪਿਲਾ ਦੀ ਜਿੱਤਾਂ ਪੰਜਾਬ ਦੀ ਨੌਜਵਾਨ ਪੀੜੀ ਅਤੇ ਸਰਕਾਰ ਲਈ ਰਾਹ ਦਰਸਾਵਾ ਹੋਣ ਦੇ ਨਾਲ-ਨਾਲ ਚਣੌਤੀ ਵੀ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਚੰਗੇ ਭਵਿੱਖ ਦਾ ਰਾਹ ਆਈਲਟਸ ਦੇ ਸੈਂਟਰਾਂ ਰਾਹੀਂ ਨਹੀਂ ਸਗੋਂ ਖੇਡ ਮੈਦਾਨ ਵਿੱਚੋਂ ਜਾਂਦਾ ਹੈ। ਉਨ੍ਹਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਸਮਰੱਥਾ ਨੂੰ ਪਛਾਣੇ ਅਤੇ ਇਨ੍ਹਾਂ ਦੀ ਹੌਸਲਾਅਫ਼ਜਾਈ ਲਈ ਉਪਰਾਲਾ ਕਰੇ।
ਪਰਨੀਤ ਅਤੇ ਧਰੁਵ ਕਪਿਲਾ ਦਾ ਪੰਜਾਬੀ ਯੂਨੀਵਰਸਿਟੀ ਵਿੱਚ ਸਨਮਾਨ; ਜੇਤੂ ਖਿਡਾਰੀਆਂ ਉੱਤੇ ਪਟਿਆਲਾ ਵਿੱਚ ਹੋਈ ਫੁੱਲਾਂ ਦੀ ਵਰਖਾI ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਜੇਤੂ ਖਿਡਾਰੀਆਂ, ਪਰਨੀਤ ਕੌਰ ਦੇ ਮਾਪਿਆਂ, ਧਰੁਵ ਕਪਿਲਾ ਦੇ ਪਿਤਾ ਅਤੇ ਕੋਚ ਸੁਰਿੰਦਰ ਰੰਧਾਵਾ ਦਾ ਸਨਮਾਨ ਕੀਤਾ। ਕੋਚ ਸੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਚੌਦਾਂ ਸਾਲਾਂ ਦੀ ਮਿਹਨਤ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਤਗਮੇ ਜਿੱਤੇ ਹਨ ਅਤੇ ਹੁਣ ਉਲੰਪਿਕ ਦੇ ਤਗਮੇ ਵਾਲੀ ਮੰਜ਼ਿਲ ਜ਼ਿਆਦਾ ਦੂਰ ਨਹੀਂ ਹੈ।
“Exciting news! News Portal royalpatiala.in is now on WhatsApp Channels. Subscribe today by clicking the link and stay updated with the latest updates! “ Click here !