ਪ੍ਰਾਈਵੇਟ ਸਕੂਲਾਂ ਨੂੰ ਦਫ਼ਤਰੀ ਕੰਮਾਂ, ਕਿਤਾਬਾਂ ਦੀ ਵੰਡ ਤੇ ਆਨਲਾਇਨ ਅਧਿਆਪਨ ਲਈ 33 ਫੀਸਦੀ ਸਟਾਫ਼ ਨਾਲ ਖੋਲ੍ਹਣ ਦੀ ਆਗਿਆ
ਪਟਿਆਲਾ, 12 ਮਈ:
ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ 1 ਅਤੇ 10 ਮਈ ਨੂੰ ਕੁਝ ਛੋਟਾਂ ਦੇਣ ਵਾਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ ਅੰਦਰ ਅੱਜ ਸ਼ਾਮ ਨਿਜੀ ਸਕੂਲਾਂ ਨੂੰ ਵੀ ਗ਼ੈਰ ਅਧਿਆਪਨ ਕਾਰਜਾਂ ਲਈ ਸੀਮਤ ਸਮੇਂ ਲਈ ਖੋਲ੍ਹਣ ਦੀ ਆਗਿਆ ਦਿੱਤੀ ਹੈ। ਪ੍ਰੰਤੂ ਕੰਟੇਨਮੈਂਟ ਜੋਨ ਵਿੱਚ ਇਹ ਹੁਕਮ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪਟਿਆਲਾ ਵਿੱਚ ਪ੍ਰਾਈਵੇਟ ਵਿੱਦਿਅਕ ਅਦਾਰੇ ਆਪਣੇ ਦਫ਼ਤਰੀ ਕੰਮ-ਕਾਜ, ਆਨ-ਲਾਇਨ ਅਧਿਆਪਨ ਅਤੇ ਕਿਤਾਬਾਂ ਦੀ ਵੰਡ ਲਈ 33 ਫ਼ੀਸਦੀ ਸਟਾਫ਼ ਨਾਲ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ। ਇਸ ਤੋਂ ਇਲਾਵਾ ਅਦਾਰਿਆਂ ਅੰਦਰ ਕਿਸੇ ਵੀ ਕਿਸਮ ਦੀ ਟੀਚਿੰਗ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੋਵੇਗੀ। ਸਟਾਫ਼ ਲਈ ਕੋਈ ਵੱਖਰੇ ਮੂਵਮੈਂਟ ਪਾਸ ਵੀ ਜਾਰੀ ਨਹੀਂ ਕੀਤੇ ਜਾਣਗੇ ਅਤੇ ਇਸ ਲਈ ਸੰਸਥਾ ਵੱਲੋਂ ਜਾਰੀ ਸ਼ਨਾਖਤੀ ਕਾਰਡ ਹੀ ਅਧਿਕਾਰਤ ਹੋਵੇਗਾ।
ਪ੍ਰਾਈਵੇਟ ਸਕੂਲਾਂ ਨੂੰ ਦਫ਼ਤਰੀ ਕੰਮਾਂ, ਕਿਤਾਬਾਂ ਦੀ ਵੰਡ ਤੇ ਆਨਲਾਇਨ ਅਧਿਆਪਨ ਲਈ 33 ਫੀਸਦੀ ਸਟਾਫ਼ ਨਾਲ ਖੋਲ੍ਹਣ ਦੀ ਆਗਿਆI ਨਿਜੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਨ-ਟੀਚਿੰਗ ਗਤੀਵਿਧੀਆਂ ਲਈ ਖੋਲ੍ਹੇ ਜਾ ਸਕਣਗੇ I ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨੀ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਜਿੰਮੇਵਾਰੀ ਹੋਵੇਗੀ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
May,12,2020