ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੱਡੀ ਪ੍ਰਾਪਤੀ; ਪੰਜਾਬ ਦੀਆਂ ਜੇਲ਼ਾਂ ਵਿੱਚ ਸਰਵੇਖਣ ਕਰਨ ਜਾਣਗੇ
ਪਟਿਆਲਾ /ਸਤੰਬਰ 14, 2022
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਜੇਲ਼ਾਂ ਵਿੱਚ ਡਰੱਗ ਦੇ ਵਰਤੋਂਕਾਰ ਰਹੇ ਕੈਦੀਆਂ ਦਾ ਇੱਕ ਵਿਆਪਕ ਪੱਧਰ ਉੱਤੇ ਸਰਵੇਖਣ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਵੱਡੇ ਸਰਵੇਖਣ ਲਈ ਚੁਣੀ ਗਈ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇੱਕ ਵੱਡੀ ਟੀਮ ਅਹਿਮ ਭਾਗੀਦਾਰੀ ਕਰ ਰਹੀ ਹੈ। ਇਹ ਸਰਵੇਖਣ 12 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਜੇਲ੍ਹਾਂ ਵਿੱਚ ਜਾ ਕੇ ਕੰਮ ਕਰਨ ਵਾਲੀ 350 ਮੈਂਬਰਾਂ ਦੀ ਟੀਮ ਵਿੱਚ 57 ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨਾਲ ਸੰਬੰਧਤ ਹਨ।
ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਮਮਤਾ ਸ਼ਰਮਾ, ਜੋ ਇਸ ਟੀਮ ਵਿੱਚ ਵੀ ਸ਼ਾਮਿਲ ਹਨ, ਵੱਲੋਂ ਦੱਸਿਆ ਗਿਆ ਇਹ ਇੱਕ ਨਿਵੇਕਲੇ ਕਿਸਮ ਦਾ ਸਰਵੇਖਣ ਉਲੀਕਿਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚਲੇ 14 ਹਜ਼ਾਰ ਕੈਦੀਆਂ ਨੂੰ ਸ਼ਾਮਿਲ ਕੀਤਾ ਜਾਣਾ ਹੈ। ਇਸ ਸਰਵੇਖਣ ਰਾਹੀਂ ਨਸ਼ੇ ਦੇ ਕਾਰਨਾਂ ਅਤੇ ਹੋਰਨਾਂ ਪੱਖਾਂ ਨੂੰ ਜਾਣਨ ਦੀ ਕੋਸਿ਼ਸ਼ ਕੀਤੀ ਜਾਣੀ ਹੈ ਤਾਂ ਕਿ ਨਸਿ਼ਆਂ ਦੀ ਰੋਕਥਾਮ ਲਈ ਢੁਕਵੇਂ ਕਦਮ ਉਠਾਏ ਜਾ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਢਲੇ ਪੱਧਰ ਉੱਤੇ 30 ਹਜ਼ਾਰ ਕੈਦੀਆਂ ਦਾ ਸਕਰੀਨ ਟੈਸਟ ਕੀਤਾ ਸੀ ਜਿਨ੍ਹਾਂ ਵਿੱਚੋਂ 14 ਹਜ਼ਾਰ ਕੈਦੀ ਡਰੱਗ ਦੀ ਵਰਤੋਂ ਸੰਬੰਧੀ ਪੌਜ਼ਟਿਵ ਪਾਏ ਗਏ। ਹੁਣ ਇਸ ਵੱਡੇ ਪੱਧਰ ਦੇ ਸਰਵੇਖਣ ਰਾਹੀਂ ਇਨ੍ਹਾਂ 14 ਹਜ਼ਾਰ ਕੈਦੀਆਂ ਦੀ ਜਿ਼ੰਦਗੀ ਨੂੰ ਘੋਖਣ ਦੀ ਕੋਸਿ਼ਸ਼ ਕੀਤੀ ਜਾਵੇਗੀ ਤਾਂ ਕਿ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਇਹ ਲੋਕ ਨਸ਼ੇ ਦੀ ਦਲਦਲ ਵਿੱਚ ਕਿਸ ਤਰ੍ਹਾਂ ਫਸੇ ਅਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਇਸ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ।
ਇਸ ਟੀਮ ਵਿੱਚ ਸ਼ਾਮਿਲ ਡਾ. ਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਵਿੱਚ ਆਈ. ਐੱਸ. ਬੀ. ਮੋਹਾਲੀ ਅਤੇ ਡੀ.ਏ.ਵੀ. ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਨੂੰ ਬਿਹਤਰ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਸਮੁੱਚੀ ਟੀਮ ਨੂੰ ਸਿਖਲਾਈ ਦਿੱਤੀ ਗਈ ਹੈ। ਪੰਜਾਬ ਦੇ ਜੇਲ਼ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਪੈਸ਼ਲ ਡੀ.ਜੀ.ਪੀ. (ਜੇਲਾਂ) ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਇੱਕ ਸਿਖਲਾਈ ਪ੍ਰੋਗਰਾਮ ਚੰਡੀਗੜ੍ਹ ਵਿਖੇ ਹੋਇਆ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਮੁੱਚੀ ਟੀਮ ਨੇ ਵੀ ਸਿ਼ਰਕਤ ਕੀਤੀ।
ਮਨੋਵਿਗਿਆਨ ਵਿਭਾਗ ਤੋਂ ਡਾ. ਕਮਲਪ੍ਰੀਤ ਕੌਰ ਸੋਹੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਵਿਭਾਗ ਤਕਰੀਬਨ 2017 ਤੋਂ ਹੀ ਡਰੱਗਜ਼ ਦੀ ਰੋਕਥਾਮ ਦੇ ਮਾਮਲੇ ਵਿੱਚ ਸੂਬਾ ਸਰਕਾਰ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ। ਸਰਕਾਰ ਦੇ ‘ਬੱਡੀ’ ਅਤੇ ‘ਡੈਪੋ’ ਨਾਮ ਦੇ ਪ੍ਰੋਗਰਾਮਾਂ ਵਿੱਚ ਇਸ ਵਿਭਾਗ ਦੀ ਬਹੁਤ ਅੱਛੀ ਕਾਰਗੁਜ਼ਾਰੀ ਰਹੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਮਨੋਵਿਗਿਆਨ ਵਿਭਾਗ ਦੀ ਇਸ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਨਾਲ਼ ਹੀ ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਨ ਹਿਤ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਜਿਹੇ ਅਦਾਰਿਆਂ ਦਾ ਇਹ ਫਰਜ਼ ਹੁੰਦਾ ਹੈ ਕਿ ਅਜਿਹੇ ਕਾਰਜਾਂ ਵਿੱਚ ਵਧ ਚੜ੍ਹ ਕੇ ਸਿ਼ਰਕਤ ਕਰੇ ਅਤੇ ਆਪਣੀ ਅਕਾਦਮਿਕ ਸਮਰਥਾ ਨੂੰ ਸਮਾਜ ਦੀ ਬਿਹਤਰੀ ਲਈ ਵਰਤੇ।