ਪੰਜਾਬੀ ਯੂਨੀਵਰਸਿਟੀ ਵਿੱਚ ਜਾਅਲ੍ਹੀ ਹਾਜ਼ਰੀਆਂ ਲਗਾ ਕੇ ਤਨਖਾਹਾਂ ਲੈਣ ਵਾਲਾ ਮੁਲਾਜ਼ਮ ਬਰਖਾਸਤ; ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਨਿਸ਼ਾਨੇ ਉੱਤੇ ਆਇਆ ਸੁਰੱਖਿਆ ਸੁਪਰਵਾਈਜ਼ਰ
ਪਟਿਆਲਾ/ 27 ਜੂਨ, 2023
ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ‘ਸੁਰੱਖਿਆ ਸੁਪਰਵਾਈਜ਼ਰ’ ਵਜੋਂ ਤਾਇਨਾਤ ਕਰਮਚਾਰੀ ਦੀਆਂ ਸੇਵਾਵਾਂ ਨੂੰ, ਉਸ ਉੱਤੇ ਲੱਗੇ ਅਤੇ ਜਾਂਚ ਦੌਰਾਨ ਸਾਬਿਤ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ, ਬਰਖ਼ਾਸਤ ਕਰ ਦਿੱਤਾ ਗਿਆ ਹੈ।
ਰੁਪਿੰਦਰ ਸਿੰਘ ਨਾਮਕ ਇਸ ਕਰਮਚਾਰੀ ਉੱਪਰ ਦੋਸ਼ ਲੱਗੇ ਸਨ ਕਿ ਉਹ ਦੋ ਵਿਅਕਤੀਆਂ ਦੀ ਫ਼ਰਜ਼ੀ ਹਾਜ਼ਰੀ ਲਗਾ ਕੇ ਉਨ੍ਹਾਂ ਦੀ ਤਨਖਾਹ ਲੈਂਦਾ ਰਿਹਾ ਹੈ। ਯੂਨੀਵਰਸਿਟੀ ਪ੍ਰਬੰਧਨ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਉਸ ਉੱਤੇ ਲੱਗੇ ਦੋਸ਼ ਸਿੱਧ ਹੋ ਚੁੱਕੇ ਹਨ।
ਇਨ੍ਹਾਂ ਵਿੱਚੋਂ ਇੱਕ ਜਣਾ ਇਸ ਕਰਮਚਾਰੀ ਦਾ ਆਪਣਾ ਪੁੱਤਰ ਗੁਰਪ੍ਰੀਤ ਸਿੰਘ ਸੀ ਜੋ 2017 ਤੋਂ ਨਿਊਜ਼ੀਲੈਂਡ ਦਾ ਸ਼ਹਿਰੀ ਹੈ ਪਰ ਉਸ ਦੀ ਫ਼ਰਜ਼ੀ ਹਾਜ਼ਰੀ ਰਾਹੀਂ ਉਸ ਨੂੰ ਸੁਰੱਖਿਆ ਅਮਲੇ ਦਾ ਕਰਮਚਾਰੀ ਦਰਸਾ ਕੇ 2015 ਤੋਂ 2021 ਤੱਕ ਉਸ ਦੀ ਤਨਖਾਹ ਇਸ ਕਰਮਚਾਰੀ ਰੁਪਿੰਦਰ ਸਿੰਘ ਵੱਲੋਂ ਪ੍ਰਾਪਤ ਕੀਤੀ ਜਾਂਦੀ ਰਹੀ। ਇਹ ਦੋਸ਼ ਉਸ ਵੱਲੋਂ ਜਾਂਚ ਦੌਰਾਨ ਕਬੂਲ ਕਰ ਲਿਆ ਗਿਆ।
ਦੂਜੇ ਮਾਮਲੇ ਵਿੱਚ ਰੁਪਿੰਦਰ ਸਿੰਘ ਨੇ ਆਪਣੇ ਗੁਆਂਢ ਰਹਿੰਦੀ ਇੱਕ ਔਰਤ ਕੁਲਦੀਪ ਕੌਰ ਦਾ ਨਾਮ ਸੁਰੱਖਿਆ ਅਮਲੇ ਦੀ ਕਰਮਚਾਰੀ ਵਜੋਂ ਵਰਤਦਿਆਂ ਉਸ ਦੀ ਫ਼ਰਜ਼ੀ ਹਾਜ਼ਰੀ ਰਾਹੀਂ 2019 ਤੋਂ 2021 ਤੱਕ ਤਨਖਾਹ ਪ੍ਰਾਪਤ ਕੀਤੀ। ਇਸ ਕੇਸ ਵਿੱਚ ਦੋਸ਼ ਕਬੂਲ ਕਰਨ ਪੱਖੋਂ ਉਸ ਨੇ ਸ਼ੁਰੂਆਤੀ ਪੱਧਰ ਉੱਤੇ ਇਨਕਾਰ ਕੀਤਾ ਪਰ ਜਾਂਚ ਦੌਰਾਨ ਜਦੋਂ ਵੱਖ-ਵੱਖ ਸਬੂਤਾਂ ਸਮੇਤ ਪੁਖ਼ਤਾ ਜਾਣਕਾਰੀ ਉਸ ਦੇ ਸਾਹਮਣੇ ਰੱਖੀ ਗਈ ਤਾਂ ਉਸ ਨੇ ਇਸ ਬਾਰੇ ਵੀ ਸਵੀਕਾਰ ਕਰ ਲਿਆ। ਜਾਂਚ ਦੌਰਾਨ ਜਦੋਂ ਕੁਲਦੀਪ ਕੌਰ ਨਾਲ਼ ਸੰਪਰਕ ਕੀਤਾ ਗਿਆ ਤਾਂ ਇਹ ਜਾਣਕਾਰੀ ਨਿੱਕਲ਼ ਕੇ ਸਾਹਮਣੇ ਆਈ ਕਿ ਉਹ ਘਰੇਲੂ ਕੰਮ ਕਾਜ ਵਾਲ਼ੀ ਇੱਕ ਔਰਤ ਹੈ ਅਤੇ ਉਸ ਨੂੰ ਇਸ ਬਦਲੇ ਰੁਪਿੰਦਰ ਸਿੰਘ ਕੋਲ਼ੋਂ 1000 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ।
ਯੂਨੀਵਰਸਿਟੀ ਵਿਖੇ ਕਾਨੂੰਨ ਵਿਭਾਗ ਤੋਂ ਅਧਿਆਪਕ ਡਾ. ਮੋਨਿਕਾ ਆਹੂਜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਸਮੇਤ ਕੁੱਲ ਤਿੰਨ ਮੈਂਬਰੀ ਕਮੇਟੀ ਵੱਲੋਂ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਇਸ ਕਰਮਚਾਰੀ ਉੱਤੇ ਲੱਗੇ ਦੋਸ਼ ਸਿੱਧ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਕਮੇਟੀ ਨੇ ਹੋਰ ਪੱਖਾਂ ਤੋਂ ਜਾਂਚ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਰੁਪਿੰਦਰ ਸਿੰਘ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਜਾਅਲ੍ਹੀ ਹਾਜ਼ਰੀਆਂ ਰਾਹੀਂ ਕਮਾਈ ਗਈ ਰਕਮ ਦੀ ਵਸੂਲੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬੀ ਯੂਨੀਵਰਸਿਟੀ ਵਿੱਚ ਜਾਅਲ੍ਹੀ ਹਾਜ਼ਰੀਆਂ ਲਗਾ ਕੇ ਤਨਖਾਹਾਂ ਲੈਣ ਵਾਲਾ ਮੁਲਾਜ਼ਮ ਬਰਖਾਸਤ; ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਨਿਸ਼ਾਨੇ ਉੱਤੇ ਆਇਆ ਸੁਰੱਖਿਆ ਸੁਪਰਵਾਈਜ਼ਰI ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਿਸੇ ਵੀ ਪੱਧਰ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਮਾਮਲੇ ਨੂੰ ਯੂਨੀਵਰਸਿਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਕੜੀ ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਗੇ ਜਾਂਚ ਜਾਰੀ ਹੈ।