ਪੰਜਾਬ ਦੇ ਵਿੱਤ ਮੰਤਰੀ ਦੀ ਪਹਿਲਕਦਮੀ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਜਲਦੀ ਤਨਖਾਹਾਂ ਮਿਲਣ ਦੀ ਆਸ ਬੱਝੀ

487

ਪੰਜਾਬ ਦੇ ਵਿੱਤ ਮੰਤਰੀ ਦੀ ਪਹਿਲਕਦਮੀ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਜਲਦੀ ਤਨਖਾਹਾਂ ਮਿਲਣ ਦੀ ਆਸ ਬੱਝੀ

ਪਟਿਆਲਾ /31 ਜਨਵਰੀ, 2023

ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਮਾਮਲਿਆਂ ਨੂੰ ਹੱਲ ਕਰਨ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ਼ ਚੰਡੀਗੜ੍ਹ ਵਿਖੇ ਮੁਲਕਾਤ ਕੀਤੀ। ਸੁਖਾਵੇਂ ਮਾਹੌਲ ਵਿੱਚ ਹੋਈ ਇਸ ਸਾਕਾਰਾਤਮਕ ਮੁਲਾਕਾਤ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਉਨ੍ਹਾਂ ਦੀ ਟੀਮ ਵੱਲੋਂ ਯੂਨੀਵਰਸਿਟੀ ਦੇ ਵਿੱਤ ਨਾਲ਼ ਜੁੜਿਆ ਸਾਰਾ ਮਾਮਲਾ ਤਫ਼ਸੀਲ ਸਹਿਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਉਠਾਏ ਜਾਣ ਵਾਲੇ ਲੋੜੀਂਦੇ ਕਦਮਾਂ ਬਾਰੇ ਗੱਲ ਕੀਤੀ।

ਵਿੱਤ ਮੰਤਰੀ ਵੱਲੋਂ ਸਮੁੱਚਾ ਮਾਮਲਾ ਸੁਹਿਰਦਤਾ ਸਹਿਤ ਸੁਣਿਆ ਗਿਆ। ਉਨ੍ਹਾਂ ਇਸ ਦੇ ਹੱਲ ਲਈ ਵਿੱਤੀ ਸਾਲ 2022-23 ਦੇ ਸਮੁੱਚੇ ਘਾਟੇ ਨੂੰ ਤੁਰੰਤ ਪੂਰਾ ਕਰਨ ਸੰਬੰਧੀ ਕਾਰਵਾਈ ਆਰੰਭ ਦਿੱਤੀ। ਜਿ਼ਕਰਯੋਗ ਹੈ ਕਿ ਅਜਿਹਾ ਹੋਣ ਨਾਲ ਇਸ ਚਾਲੂ ਵਿੱਤੀ ਵਰ੍ਹੇ ਦੌਰਾਨ ਸਾਰੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਜਾਰੀ ਕੀਤੀਆਂ ਜਾ ਸਕਣਗੀਆਂ। ਨਾਲ਼ ਹੀ ਉਨ੍ਹਾਂ ਯੂਨੀਵਰਸਿਟੀ ਲਈ ਲੋੜੀਂਦੇ ਹੋਰ ਵਾਧੂ ਫੰਡ, ਜਿਸ ਵਿੱਚ ਕਿ ਯੂਨੀਵਰਸਿਟੀ ਸਿਰ ਚੜ੍ਹੇ ਕਰਜ਼ੇ ਦੀਆਂ ਅਦਾਇਗੀਆਂ ਆਦਿ ਸਭ ਕੁੱਝ ਸ਼ਾਮਿਲ ਹੈ, ਅਗਲੇ ਵਿੱਤੀ ਸਾਲ 2023-24 ਦੌਰਾਨ ਵਿੱਚ ਮੁਹਈਆ ਕਰਵਾਉਣ ਦਾ ਵੀ ਵਾਅਦਾ ਕੀਤਾ।

ਵਿੱਤੀ ਮੰਤਰੀ ਵੱਲੋਂ ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਭੇਂਟ ਕੀਤੇ ਗਏ ਟੇਬਲ-ਕੈਲੰਡਰ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਰਸੇ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਜੋ ਅਜਿਹੇ ਉਪਰਾਲੇ ਕਰਦੀ ਹੈ, ਉਹ ਸਲਾਹੁਣਯੋਗ ਹਨ। ਵਰਨਣਯੋਗ ਹੈ ਕਿ ਇਸ ਵਾਰ ਦਾ ਇਹ ਟੇਬਲ-ਕੈਲੰਡਰ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਤਿਆਰ ਕੀਤੇ ਇਸ ਕੈਲੰਡਰ ਦੇ ਸਾਰੇ ਪੰਨੇ ਵਾਰਿਸ ਸ਼ਾਹ ਅਤੇ ਉਸ ਦੀ ਮਹਾਨ ਕ੍ਰਿਤ ‘ਹੀਰ’ ਨਾਲ਼ ਸੰਬੰਧਤ ਚਿੱਤਰਕਾਰੀਆਂ ਨਾਲ ਸਜਾਏ ਗਏ ਹਨ। ਇਹ ਸਾਰੇ ਚਿੱਤਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹੀ ਬਣਾਏ ਗਏ ਹਨ।

ਪੰਜਾਬ ਦੇ ਵਿੱਤ ਮੰਤਰੀ ਦੀ ਪਹਿਲਕਦਮੀ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਜਲਦੀ ਤਨਖਾਹਾਂ ਮਿਲਣ ਦੀ ਆਸ ਬੱਝੀ

ਵਿੱਤ ਮੰਤਰੀ ਵੱਲੋਂ ਇਸ ਮੌਕੇ ਗੱਲ ਕਰਦਿਆਂ ਵਿਸ਼ੇਸ਼ ਤੌਰ ਉੱਤੇ ਕਿਹਾ ਕਿ ਅਸੀਂ ਜਦੋਂ ਆਪਣੇ ਸੂਬੇ ਵਿੱਚ ਕੰਮ-ਕਾਜ ਵਾਲੇ ਸੱਭਿਆਚਾਰ ਦੀ ਸਿਰਜਣਾ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਾਡੀਆਂ ਯੂਨੀਵਰਸਿਟੀ ਜਿਹੇ ਸਾਰੇ ਅਦਾਰਿਆਂ ਅਤੇ ਉਨ੍ਹਾਂ ਦੇ ਪ੍ਰੋਫ਼ੈਸਰਾਂ ਅਤੇ ਹੋਰ ਕਰਮਚਾਰੀਆਂ ਉੱਤੇ ਵੀ ਲਾਗੂ ਹੁੰਦੀ ਹੈ।

ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਹੁਣ ਜਦੋਂ ਸਰਕਾਰ ਆਪਣੇ ਹਿੱਸੇ ਦੇ ਫਰਜ਼ਾਂ ਦੀ ਅਦਾਇਗੀ ਕਰਦਿਆਂ ਲੋੜੀਂਦੇ ਫੰਡਾਂ ਆਦਿ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਹੋਰ ਵਧੇਰੇ ਗੁਣਵੱਤਾ ਲਿਆਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਮੀਟਿੰਗ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਵਿੱਤ ਅਫ਼ਸਰ ਪ੍ਰਮੋਦ ਕੁਮਾਰ ਅੱਗਰਵਾਲ ਵੀ ਸ਼ਾਮਿਲ ਸਨ। ਉਨ੍ਹਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸਾਬਕਾ ਡੀਨ ਅਕਾਦਮਿਕ ਮਾਮਲੇ ਪ੍ਰੋ. ਬਲਬੀਰ ਸਿੰਘ ਸੰਧੂ ਵੀ ਹਾਜ਼ਰ ਸਨ।