ਬਠਿੰਡਾ ਇਕਾਂਤਵਾਸ ਵਿਚ ਰਹਿ ਰਹੇ ਬੱਚਿਆਂ ਨੂੰ ਮੁਹਈਆ ਕਰਵਾਈ ਸਟੇਸ਼ਨਰੀ
ਬਠਿੰਡਾ, 6 ਮਈ :
ਬਠਿੰਡਾ ਦੇ ਇਕਾਂਤਵਾਸ ਕੇਂਦਰਾਂ ਵਿਚ ਇਸ ਸਮੇਂ ਜ਼ੋ ਸ਼ਰਧਾਲੂ ਰਹਿ ਰਹੇ ਹਨ ਉਨ੍ਹਾਂ ਵਿਚੋਂ ਕੁਝ ਨਾਲ ਛੋਟੇ ਬੱਚੇ ਵੀ ਹਨ। ਇੰਨ੍ਹਾਂ ਬੱਚਿਆਂ ਨੂੰ ਰੋਚਕ ਗਤੀਵਿਧੀਆਂ ਨਾਲ ਜ਼ੋੜਨ ਲਈ ਪ੍ਰਸ਼ਾਸਨ ਵੱਲੋਂ ਉੱਧਮ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਬੱਚੇ ਇਸ ਮਹੌਲ ਵਿਚ ਕਿਸੇ ਤਨਾਅ ਵਿਚ ਨਾ ਆਉਣ ਅਤੇ ਸੁੱਖੀ ਸਾਂਦੀ ਆਪਣੇ ਪਰਿਵਾਰ ਨਾਲ ਇਹ ਇਕਾਂਤਵਾਸ ਪੂਰਾ ਕਰਕੇ ਘਰ ਜਾਣ।
ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਕਿਹਾ ਕਿ ਇਸ ਲਈ ਇਕਾਂਤਵਾਸ ਵਿਚ ਰਹਿ ਰਹੇ ਬੱਚਿਆਂ ਨੂੰ ਸਟੇਸ਼ਨਰੀ ਮੁਹਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਇਹ ਬੱਚੇ ਚਿੱਤਰਕਾਰੀ ਜਾਂ ਪੜਾਈ ਸਬੰਧੀ ਹੋਰ ਗਤੀਵਿਧੀਆਂ ਵਿਚ ਲੱਗ ਸਕਨ ਅਤੇ ਇੰਨ੍ਹਾਂ ਦਾ ਸਮਾਂ ਬੋਰੀਅਤ ਵਾਲਾ ਨਾ ਰਹੇ। ਇਸ ਲਈ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਮੈਂਬਰ ਅਮਿਤ ਗਰਗ ਜਿਸ ਦਾ ਅੱਜ ਜਨਮ ਦਿਨ ਸੀ ਨੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਇੰਨ੍ਹਾਂ ਬੱਚਿਆਂ ਲਈ ਸਟੇਸ਼ਨਰੀ ਦਾ ਪ੍ਰਬੰਧ ਕਰਕੇ ਦਿੱਤਾ।
ਰੋਹਿਤ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ ਜਦ ਬੱਚਿਆਂ ਨੂੰ ਸਟੇਸ਼ਨਰੀ ਮਿਲੀ ਤਾਂ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਦੱਸ ਰਹੀ ਸੀ ਕਿ ਉਹ ਆਪਣੀਆਂ ਕਿਤਾਬਾਂ ਨੂੰ ਕਿੰਨਾਂ ਮਿਸ ਕਰ ਰਹੇ ਸਨ। ਬੱਚਿਆਂ ਦੇ ਮਾਪਿਆਂ ਨੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਬੱਚੇ ਕੁਝ ਸਮਾਂ ਆਪਣੀ ਪੜਾਈ, ਚਿੱਤਰਕਾਰੀ ਵਿਚ ਲਗਾਉਣਗੇ ਤਾਂ ਉਨ੍ਹਾਂ ਦਾ ਮਨ ਲਗਿਆ ਰਹੇਗਾ ਅਤੇ ਉਹ ਉਸਾਰੂ ਗਤੀਵਿਧੀਆਂ ਵਿਚ ਲੱਗ ਸਕਣਗੇ।