ਸਖਤ ਮਿਹਨਤ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ: ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ
ਫ਼ਤਹਿਗੜ੍ਹ ਸਾਹਿਬ, 02 ਫਰਵਰੀ:
ਸਖਤ ਮਿਹਨਤ ਤੇ ਲਗਨ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈ ਕੇ ਸਖਤ ਮਿਹਨਤ ਕਰਨ ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦੀ ਅਗਵਾਈ ਹੇਠ ਚਲਾਏ ਜਾ ਰਹੇ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੱਤੇਵਾਲੀ ਦੀ 7ਵੀਂ ਜਮਾਤ ਦੀ ਵਿਦਿਆਰਥਣ ਗੁਰਅਸੀਸ ਕੌਰ, ਜਿਸ ਨੇ ਕਿ ਹਰਿਆਣਾ ਵਿਖੇ ਹੋਈਆਂ 65ਵੀਂਆਂ ਨੈਸ਼ਨਲ ਸਕੂਲ ਖੇਡਾਂ ਅੰਡਰ 14 ਵਿੱਚ ਪੰਜਾਬ ਦੀ ਫੁਟਬਾਲ ਟੀਮ ਵਿੱਚ ਹਿੱਸਾ ਲਿਆ ਸੀ, ਨੂੰ ਸਨਮਾਨਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਖਿਡਾਰਨ ਨੇ ਜਿਥੇ ਆਪਣੇ ਸਕੂਲ, ਅਧਿਆਪਕਾਂ ਤੇ ਕੋਚ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਇਸ ਜਿ਼ਲ੍ਹੇ ਦੇ ਨਾਮ ਨੂੰ ਵੀ ਚਾਰ ਚੰਨ੍ਹ ਲਗਾਏ ਹਨ ਜਿਸ ਤੋਂ ਹੋਰਨਾ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਰਜਿੰਦਰ ਕੌਰ ਅਤੇ ਗੁਰਅਸੀਸ ਦੇ ਕੋਚ ਸਤਵੀਰ ਸਿੰਘ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਿਹਨਤ ਸਦਕਾ ਗੁਰਅਸੀਸ ਕੌਰ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਡਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ ਕਿਉਂਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਸਕੂਲ ਦੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ।