ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ
ਬਹਾਦਰਜੀਤ ਸਿੰਘ/ ਰੂਪਨਗਰ, 12 ਜੁਲਾਈ,2022:
ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਲੋਂ ਦੌਰਾ ਕੀਤਾ ਗਿਆ।
ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਬਹੁਤ ਜਲਦੀ ਹੀ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਚੰਗੇ ਬਦਲਾਅ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਜਿਸ ਦੇ ਵਿੱਚ ਮਰੀਜਾਂ ਨਾਲ ਚੰਗਾ ਵਿਵਹਾਰ, ਸਮੇਂ ਦੇ ਪਾਬੰਦ ਸਟਾਫ, ਸਾਫ-ਸਫਾਈ ਦਾ ਚੰਗਾ ਪ੍ਰਬੰਧ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਿਵਲ ਸਰਜਨਾਂ ਨੂੰ ਆਪਣੀ ਜੇਬ ਵਿਚੋਂ 51000 ਰੁਪਏ ਉਨ੍ਹਾਂ ਵਲੋਂ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਗਰਾਂਊਡ ਜੀਰੋ ਤੇ ਜਾ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਕਿਵੇਂ ਕੀਤੇ ਜਾ ਸਕਦੇ ਹਨ ਤੇ ਹਾਲ ਦੀ ਘੜੀ ਉਪਲੱਬਧ ਸੰਸਾਧਨਾਂ ਦਾ ਪੂਰਾ ਤੇ ਸਹੀ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਵਿੱਚ ਅਲਟਰਾਸਾਊਂਡ ਦੀ ਸੇਵਾ ਜਲਦ ਸ਼ੁਰੂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦਾ ਦੋਰਾ ਕੀਤਾ ਜਾਵੇਗਾ ਅਤੇ ਜੋ ਵੀ ਕਮੀਆਂ ਹਲਕਾ ਐਮ.ਐਲ.ਏ. ਅਤੇ ਸਿਵਲ ਸਰਜਨ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਜਲਦੀ ਹੀ ਉਹਨਾਂ ਕਮੀਆਂ ਨੂੰ ਪੂਰਾ ਕਰਕੇ ਪੰਜਾਬ ਸਰਕਾਰ ਬਿਹਤਰ ਸਿਹਤ ਸਹੂਲਤਾਂ ਦੇ ਵਾਅਦੇ ਨੂੰ ਪੂਰਾ ਕਰੇਗੀ। ਚੇਤਨ ਸਿੰਘ ਜੋੜਮਾਜਰਾ ਨੇ ਡਾਕਟਰਾਂ ਤੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਨਰਮੀ ਭਰਿਆ ਰਵੱਈਆ ਅਪਣਾਇਆ ਜਾਵੇ। ਉਹਨਾਂ ਵੱਲੋਂ ਜੱਚਾ^ਬੱਚਾ ਵਾਰਡ ਵਿਖੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਸੰਤੋਖ ਪ੍ਰਗਟਾਇਆ ਗਿਆ।
ਇਸ ਦੌਰੇ ਦੌਰਾਨ ਉਹਨਾਂ ਵੱਲੋਂ ਖੁਦ ਵਾਰਡਾਂ ਦੇ ਬਾਥਰੂਮਾਂ ਦੀ ਸਾਫ ਸਫਾਈ ਦੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਬਲੱਡ ਬੈਂਕ ਦਾ ਦੌਰਾ ਕਰਦਿਆਂ ਖੂਨਦਾਨ ਕਰਨ ਆਏ ਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਐਮਰਜੰਸੀ ਵਾਰਡ ਅਤੇ ਕਰਸੁਨਾ ਲੈਬ ਦਾ ਵੀ ਮੁਆਇਨਾ ਕੀਤਾ ਗਿਆ।
ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਹਲਕਾ ਵਿਧਾਇਕ ਦਿਨੇਸ਼ ਚੱਢਾ, ਐਮ.ਡੀ. ਕਾਰਪੋਰੇਸ਼ਨ ਸ਼੍ਰੀਮਤੀ ਨਿਲੀਮਾ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਰਣਜੀਤ ਸਿੰਘ ਘੋਤੜਾ, ਐਸ.ਐਸ.ਪੀ. ਡਾ. ਸੰਦੀਪ ਗਰਗ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ, ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਡੀ.ਐਚ.ਓ ਡਾ. ਆਰ ਪੀ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜਰ ਸਨ।