ਰੂਪਨਗਰ ‘ਚ ਖਾਦ ਦੇ ਨਾਲ਼ ਧੱਕੇ ਨਾਲ਼ ਬੂਸਟਰ ਵੇਚਣ ਵਾਲੇ ਡਿਸਟ੍ਰੀਬਿਊਟਰ ਤੇ ਪਰਚਾ ਦਰਜ

69

ਰੂਪਨਗਰ ‘ਚ ਖਾਦ ਦੇ ਨਾਲ਼ ਧੱਕੇ ਨਾਲ਼ ਬੂਸਟਰ ਵੇਚਣ ਵਾਲੇ ਡਿਸਟ੍ਰੀਬਿਊਟਰ ਤੇ ਪਰਚਾ ਦਰਜ

ਬਹਾਦਰਜੀਤ ਸਿੰਘ / ਰੂਪਨਗਰ/ royalpatiala.in News/ 13 ਅਕਤੂਬਰ,2025  

ਰੂਪਨਗਰ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਡਿਸਟ੍ਰੀਬਿਊਟਰ ਵੱਲੋਂ ਖਾਦ ਦੇ ਨਾਲ਼ ਧੱਕੇ ਨਾਲ ਬੂਸਟਰ ਵੇਚਣ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਮੇਲ ਸਿੰਘ ਦੀ ਸ਼ਿਕਾਇਤ ਤੇ ਥਾਣਾ ਸਿਟੀ ਰੂਪਨਗਰ ਵਿਖੇ ਰੈਕ ਹੈਂਡਲਰ ਮਨਪ੍ਰੀਤ ਸਿੰਘ (ਸੋਈ ਖੇਤੀ ਸੇਵਾ ਸੈਂਟਰ) ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।

ਇਸ ਸੰਬਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਤੇ ਕਿਸਾਨਾਂ ਨੂੰ ਧੱਕੇ ਨਾਲ ਖਾਦ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵੇਚੇ ਜਾ ਰਹੇ ਸਨ, ਜਿਨ੍ਹਾਂ ਦੀ ਕੀਮਤ ਵੀ ਬਹੁਤ ਜਿਆਦਾ ਸੀ ਤੇ ਕਈ ਪ੍ਰੋਡਕਟਾਂ ਦੀ ਕੀਮਤ ਤਾਂ ਖਾਦ ਦੀ ਬੋਰੀ ਤੋਂ ਵੀ ਜਿਆਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬਧੀ ਆਮ ਤੌਰ ਤੇ ਕਿਸਾਨਾਂ ਦੀ ਖਾਦ ਰਿਟੇਲਰਾਂ ਤੇ ਦੁਕਾਨਦਾਰਾਂ ਨਾਲ ਲੜਾਈ ਚੱਲਦੀ ਰਹਿੰਦੀ ਸੀ, ਪਰ ਅਸਲ ਦੇ ਵਿੱਚ ਜਿਹੜੇ ਵੱਡੇ ਡਿਸਟਰੀਬਿਊਟਰ ਹਨ ਉਹ ਇਨ੍ਹਾਂ ਦੁਕਾਨਦਾਰਾਂ ਜਾਂ ਰਿਟੇਲਰਾਂ ਨੂੰ ਧੱਕੇ ਦੇ ਨਾਲ ਉਹ ਪ੍ਰੋਡਕਟ ਟੈਗ ਕਰਦੇ ਸਨ ਤੇ ਦੁਕਾਨਦਾਰਾਂ ਨੂੰ ਉਹ ਪ੍ਰੋਡਕਟ ਕਿਸਾਨਾਂ ਨੂੰ ਦੇਣ ਲਈ ਮਜ਼ਬੂਰ ਕਰਦੇ ਸਨ।

ਵਿਧਾਇਕ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਸਖ਼ਤ ਨਿਰਦੇਸ਼ ਹਨ ਕਿ ਕਿਸੇ ਵੀ ਮਾਮਲੇ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਪੱਧਰ ਤੇ ਲੁੱਟ ਹੋਣ ਦੇਣੀ ਹੈ, ਬਲਕਿ ਪੰਜਾਬ ਦੇ ਅੰਨਦਾਤਾ ਨੂੰ ਹਰ ਤਰ੍ਹਾਂ ਦੀ ਸੁਵਿਧਾਵਾਂ ਜ਼ਮੀਨੀ ਪੱਧਰ ਤੇ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਇੱਕ ਡਿਸਟ੍ਰੀਬਿਊਟਰ ਤੇ ਪਰਚਾ ਦਰਜ ਕੀਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਲੁੱਟ ਕਰਨ ਵਾਲੇ ਹਰੇਕ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ।

ਉਨ੍ਹਾਂ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਹੁਣ ਤੁਹਾਡੇ ਕੋਲ ਮੌਕਾ ਹੈ ਤੇ ਜਿਹੜਾ ਵੀ ਡਿਸਟ੍ਰੀਬਿਊਟਰ ਤੁਹਾਨੂੰ ਧੱਕੇ ਨਾਲ ਕੋਈ ਪ੍ਰੋਡਕਟ ਵੇਚਣ ਲਈ ਮਜ਼ਬੂਰ ਕਰਦਾ ਹੈ, ਉਸ ਦੀ ਸ਼ਿਕਾਇਤ ਸਾਡੇ ਕੋਲ ਜਾਂ ਖੇਤੀਬਾੜੀ ਵਿਭਾਗ ਕੋਲ ਜ਼ਰੂਰ ਕੀਤੀ ਜਾਵੇ ਤਾਂ ਜੋ ਅਜਿਹੇ ਡਿਸਟ੍ਰੀਬਿਊਟਰਾਂ ਤੇ ਕਾਰਵਾਈ ਜਰੂਰ ਹੋ ਸਕੇ ਜੋ ਕਿਸਾਨਾਂ ਦੀ ਲੰਬੇ ਸਮੇਂ ਤੋਂ ਲੁੱਟ ਕਰ ਰਹੇ ਹਨ।

ਇਸ ਮੌਕੇ ਐਮਸੀ ਰਾਜੂ ਸਤਿਆਲ, ਚੇਅਰਮੈਨ ਭਾਗ ਸਿੰਘ ਮੈਦਾਨ, ਚੌਧਰੀ ਹੁਸਨ ਲਾਲ, ਪੱਪੀ ਫੂਲ, ਬਲਾਕ ਪ੍ਰਧਾਨ ਸਰਪੰਚ ਪਰਮਿੰਦਰ ਬਾਲਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।