ਪਟਿਆਲਾ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼; ਜਵਾਈ ਨੇ ਧੀ ਨਾਲ ਧੋਖਾ ਕੀਤਾ ਤੇ ਸਾਢੇ 4 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਡਾਲਰ ਹੜੱਪੇ: ਅਵਤਾਰ ਸਿੰਘ, ਭੁਪਿੰਦਰ ਸ਼ੇਖੂਪੁਰ

69

ਪਟਿਆਲਾ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼; ਜਵਾਈ ਨੇ ਧੀ ਨਾਲ ਧੋਖਾ ਕੀਤਾ ਤੇ ਸਾਢੇ 4 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਡਾਲਰ ਹੜੱਪੇ: ਅਵਤਾਰ ਸਿੰਘ, ਭੁਪਿੰਦਰ ਸ਼ੇਖੂਪੁਰ

ਪਟਿਆਲਾ/ royalpatiala.in News/ 5 ਮਾਰਚ,2026:

ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਰੁੜਕੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਧੀ ਨਾਲ ਧੋਖਾ ਕਰ ਕੇ ਦੋ ਘਰ ਬਰਬਾਦ ਕਰ ਦਿੱਤੇ ਅਤੇ ਸਾਢੇ 4 ਕਰੋੜ ਰੁਪਏ ਮੁੱਲ ਦੇ 2 ਕਿਲੋ ਤੋਂ ਵੱਧ ਸੋਨਾ, 15 ਕਿਲੋ ਤੋਂ ਵੱਧ ਚਾਂਦੀ ਅਤੇ 80 ਹਜ਼ਾਰ ਡਾਲਰ ਹੜੱਪ ਕਰ ਲਏ ਹਨ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਸਾਬਕਾ ਸਰਪੰਚ ਰੁੜਕੀ, ਸਮਾਜ ਸੇਵੀ ਭੁਪਿੰਦਰ ਸਿੰਘ ਸ਼ੇਖੂਪੁਰ, ਪਰਮਿੰਦਰ ਸਿੰਘ ਚਪੜ, ਲਛਮਣ ਸਿੰਘ ਸਾਬਕਾ ਸਰਪੰਚ ਰਸੂਲਪੁਰ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਲੜਕੀ ਦਾ ਵਿਆਹ ਲਾਛੜੂ ਪਿੰਡ ਦੇ ਵਸਨੀਕ ਲੜਕੇ ਨਾਲ 2022 ਵਿਚ ਹੋਇਆ ਜਿਸ ਮਗਰੋਂ ਉਹ ਦੋਵੇਂ ਕੈਨੇਡਾ ਰਹਿਣ ਲੱਗ ਪਏ। ਉਹਨਾਂ ਦੱਸਿਆ ਕਿ ਲੜਕੀ ਦੀ ਪੀ ਆਰ ਦੇ ਆਧਾਰ ’ਤੇ ਲੜਕੇ ਦੀ ਵੀ ਪੀ ਆਰ ਹੋ ਗਈ। ਇਸ ਉਪਰੰਤ ਅਵਤਾਰ ਸਿੰਘ ਦੇ ਪੁੱਤਰ ਦਾ ਮੰਗਣਾ ਵੀ ਕੈਨੇਡਾ ਦੀ ਲੜਕੀ ਨਾਲ ਹੋ ਗਿਆ ਤੇ ਲੜਕੀ ਆਪਣੇ ਨਨਾਣ ਕੋਲ ਆ ਕੇ ਐਡਮਿੰਟਨ ਸ਼ਹਿਰ ਰਹਿਣ ਲੱਗ ਪਈ ਜਿਥੇ ਉਸਦੇ ਨਜਾਇਜ਼ ਸੰਬੰਧ ਅਵਤਾਰ ਸਿੰਘ ਦੇ ਜਵਾਈ ਨਾਲ ਬਣ ਗਏ।

ਉਹਨਾਂ ਦੱਸਿਆ ਕਿ ਇਸ ਸਾਲ ਜਨਵਰੀ ਵਿਚ ਅਵਤਾਰ ਸਿੰਘ ਦੇ ਪੁੱਤਰ ਦਾ ਵਿਆਹ ਰੱਖਿਆ ਸੀ ਜਿਸ ਵਾਸਤੇ ਉਹ ਭਾਰਤ ਆਏ ਪਰ ਇਥੇ ਆ ਕੇ ਹੋਣ ਵਾਲੀ ਨੂੰਹ ਤੇ ਜਵਾਈ ਦੀ ਆਪਸੀ ਚੈਟ ਤੋਂ ਦੋਵਾਂ ਦੇ ਨਜਾਇਜ਼ ਸੰਬੰਧਾਂ ਦਾ ਖੁਲ੍ਹਾਸਾ ਹੋ ਗਿਆ। ਉਹਨਾਂ ਇਹ ਵੀ ਦੱਸਿਆ ਕਿ ਅਵਤਾਰ ਸਿੰਘ ਦੇ ਜਵਾਈ ਨੇ ਸਾਜ਼ਿਸ਼ ਅਧੀਨ ਪਹਿਲਾਂ ਹੀ ਆਪਣੀ ਪਤਨੀ ਯਾਨੀ ਅਵਤਾਰ ਸਿੰਘ ਦੀ ਧੀ ਤੋਂ ਵਸੀਅਤਨਾਮਾ ਆਪਣੇ ਨਾਮ ਕਰਵਾ ਲਿਆ ਸੀ ਤੇ ਉਹਨਾਂ ਦੀ ਧੀ ਵੱਲੋਂ ਬਣਾਏ 16 ਤੋਲੇ ਸੋਨਾ, 15 ਕਿਲੋ ਚਾਂਦੀ ਅਤੇ ਰਿਸ਼ਤੇਦਾਰ ਦੇ 2 ਕਿਲੋ ਸੋਨੇ ਤੋਂ ਇਲਾਵਾ 80 ਹਜ਼ਾਰ ਡਾਲਰ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ ਸਨ। ਉਹਨਾਂ ਇਹ ਵੀ ਦੱਸਿਆ ਕਿ ਇਥੇ ਹੀ ਬੱਸ ਨਹੀਂ ਬਲਕਿ ਜਵਾਈ ਨੇ ਪਤਨੀ ਦੇ ਨਾਮ ’ਤੇ ਕਰੋੜਾਂ ਰੁਪਏ ਦੇ ਸਿਹਤ ਬੀਮੇ ਤੇ ਮੈਡੀਕਲ ਬੀਮੇ ਵੀ ਕਰਵਾਏ ਸਨ ਤੇ ਇਸ ਤੋਂ ਸਪਸ਼ਟ ਹੈ ਕਿ ਉਹ ਪਹਿਲਾਂ ਹੀ ਆਪਣੀ ਪਤਨੀ ਤੇ ਅਵਤਾਰ ਸਿੰਘ ਦੀ ਧੀ ਦੇ ਕਤਲ ਦੀ ਯੋਜਨਾ ਬਣਾ ਚੁੱਕਾ ਸੀ।

ਉਹਨਾਂ ਦੱਸਿਆ ਕਿ ਇਥੇ ਜਵਾਈ ਨੇ ਨਵੇਂ ਪਾਸਪੋਰਟ ਵਾਸਤੇ ਅਪਲਾਈ ਕਰ ਦਿੱਤਾ ਜਿਸ ਵਿਚ ਆਪਣੇ ਆਪ ਨੂੰ ਕੁੰਵਾਰਾ ਦੱਸਿਆ ਤੇ ਪਿੰਡ ਦੇ ਦੋ ਲੋਕਾਂ ਨੇ ਉਸਦੀ ਅਰਜ਼ੀ ’ਤੇ ਗਵਾਹੀ ਵੀ ਪਾ ਦਿੱਤੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ 18 ਫਰਵਰੀ 2026 ਨੂੰ ਘਨੌਰ ਪੁਲਿਸ ਨੇ ਫੌਜਦਾਰੀ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਪਰਿਵਾਰ ਦੇ ਸਿਆਸੀ ਸੰਬੰਧਾਂ ਕਾਰਨ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।

ਪਟਿਆਲਾ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼; ਜਵਾਈ ਨੇ ਧੀ ਨਾਲ ਧੋਖਾ ਕੀਤਾ ਤੇ ਸਾਢੇ 4 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਡਾਲਰ ਹੜੱਪੇ: ਅਵਤਾਰ ਸਿੰਘ, ਭੁਪਿੰਦਰ ਸ਼ੇਖੂਪੁਰ

ਉਹਨਾਂ ਦੱਸਿਆ ਕਿ  ਜਵਾਈ ਦੀ ਹਰਕਤ ਕਾਰਨ ਅਵਤਾਰ ਸਿੰਘ ਦੇ ਪੁੱਤਰ ਤੇ ਧੀ ਦੋਵਾਂ ਦੇ ਘਰ ਉਜੜ ਗਏ ਹਨ। ਉਹਨਾਂ ਕਿਹਾ ਕਿ ਹੁਣ ਜਵਾਈ ਫਰਾਰ ਹੈ ਪਰ ਪੰਜਾਬ ਵਿਚ ਹੀ ਲੁਕਿਆ ਹੋਇਆ ਹੈ। ਉਹਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਵਾਰ-ਵਾਰ ਫੋਨ ਕਰਨ ’ਤੇ ਵੀ ਐਸ ਐਚ ਓ ਘਨੌਰ ਨੇ ਨਹੀਂ ਚੁੱਕਿਆ ਫੋਨ

ਇਸ ਮਾਮਲੇ ਵਿਚ ਪੱਖ ਲੈਣ ਲਈ ਐਸ ਐਚ ਓ ਘਨੌਰ ਨੂੰ ਉਹਨਾਂ ਦੇ ਸਰਕਾਰੀ ਫੋਨ ਨੰਬਰ 95929-12440 ’ਤੇ ਵਾਰ-ਵਾਰ ਫੋਨ ਕਰਨ ’ਤੇ ਵੀ ਐਸ ਐਚ ਓ ਨੇ ਫੋਨ ਨਹੀਂ ਚੁੱਕਿਆ।

ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਡੀ ਐਸ ਪੀ ਘਨੌਰ ਹਰਮਨ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਮਾਮਲਾ ਜਾਅਲੀ ਪਾਸਪੋਰਟ ਬਣਾਉਣਾ ਦਾ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਪੁਲਿਸ ਟੀਮਾਂ ਮੁਲਜ਼ਮ ਨੂੰ ਫੜਨ ਵਾਸਤੇ ਛਾਪੇਮਾਰੀ ਕਰ ਰਹੀਆਂ ਹਨ ਪਰ ਇਸ ਮਾਮਲੇ ਵਿਚ  ਮੁਲਜ਼ਮ ਨੂੰ ਨੋਟਿਸ ਦੇ ਕੇ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋਨੇ, ਚਾਂਦੀ ਤੇ ਡਾਲਰਾਂ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਇਹ ਵਿਦੇਸ਼ ਦਾ ਮਾਮਲਾ ਹੈ ਜੋ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਨਹੀਂ ਬਣਦਾ।