ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ- ਡਾ. ਬੀ. ਐੱਸ. ਘੁੰਮਣ

247

ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ- ਡਾ. ਬੀ. ਐੱਸ. ਘੁੰਮਣ

ਕੰਵਰ ਇੰਦਰ ਸਿੰਘ/ ਮਈ, 31,2020/ ਚੰਡੀਗੜ੍ਹ

ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਇਕ ਹੋਰ ਖੁਸ਼ ਖਬਰ ਪ੍ਰਾਪਤ ਹੋਈ ਹੈ ਕਿ ਰਾਸ਼ਟਰ ਪੱਧਰ ਤੇ ਹੋਏ ਇਕ ਸਰਵੇਖਣ ਵਿਚ ਇਸ ਨੂੰ ਸਮੁੱਚੇ ਭਾਰਤ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਅਠ੍ਹਾਰਵਾਂ ਅਤੇ ਪੰਜਾਬ ਸੂਬੇ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਿਲ ਹੋਇਆ ਹੈ। ਜਿ਼ਕਰਯੋਗ ਹੈ ਕਿ ਰਾਸ਼ਟਰੀ ਪੱਧਰ ਦੀ ਰੈਂਕਿੰਗ ਵਿਚ ਅਜਿਹਾ ਸਥਾਨ ਕਰ ਕੇ ਯੂਨੀਵਰਸਿਟੀ ਦੇ ਆਪਣੇ ਆਪ ਵਿਚ ਇਕ ਇਤਹਾਸ ਸਿਰਜਿਆ ਹੈ। ‘ਐਜ਼ੂਕੇਸ਼ਨ ਵ’ਲਡ’ ਨਾਮੀ ਅਦਾਰੇ ਦੇ ਮਈ ਅੰਕ ਦੀ ਕਵਰ-ਸਟੋਰੀ ‘ਈ-ਡਬਲਿਊ ਇੰਡੀਆ ਗਵਰਨਮੈਂਟ ਯੂਨੀਵਰਸਿਟੀ ਰੈਂਕਿੰਗਜ਼ 2020-21’ ਵਿਚ ਦੇਸ ਦੀਆਂ ਸਰਵੋਤਮ 150 ਯੂਨੀਵਰਸਿਟੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਮੁੱਖ ਰਖਦਿਆਂ ਇਸ ਨੂੰ ਦੇਸ ਭਰ ਵਿਚੋਂ 18ਵੇਂ ਸਥਾਨ ਤੇ ਰੱਖਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਦੱਸਿਆ ਕਿ ਇਸ ਸਰਵੇਖਣ ਵਿਚ ਕੁੱਲ 1300 ਅੰਕ ਮਿੱਥੇ ਗਏ ਸਨ ਜਿਸ ਵਿਚੋਂ 993 ਅੰਕ ਹਾਸਿਲ ਕਰਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਸ਼ਾਨਦਾਰ ਸਥਾਨ ਹਾਸਿਲ ਕੀਤਾ ਗਿਆ ਹੈ। ਇਸ ਸਰਵੇਖਣ ਵਿਚ ਗੁਣਵੱਤਾ ਜਾਚਣ ਹਿਤ ਵਖ-ਵਖ ਦਸ ਸ਼੍ਰੇਣੀਆਂ ਨੂੰ ਇਨ੍ਹਾਂ ਅੰਕਾਂ ਲਈ ਅਧਾਰ ਬਣਾਇਆ ਗਿਆ ਹੈ ਜਿਨ੍ਹਾਂ ਵਿਚ ਕੰਪੀਟੰਸੀ ਆਫ਼ ਫੈਕਲਟੀ ਭਾਵ ਅਧਿਆਪਨ ਕੁਸ਼ਲਤਾ, ਫੈਕਲਟੀ ਵੈਲਫੇਅਰ ਐਂਡ ਡਿਵੈਲਪਮੈਂਟ, ਖੋਜ ਅਤੇ ਪਹਿਲਕਮਦੀਆਂ, ਪਾਠਕ੍ਰਮ ਅਤੇ ਅਧਿਆਪਨ ਵਿਧੀਆਂ, ਇੰਡਸਟਰੀ ਇੰਟਰਫੇਸ, ਪਲੇਸਮੈਂਟ, ਇਨਫਰਾਸਟ੍ਰਕਚਰ ਐਂਡ ਫੈਸਿਲਿਟੀਜ਼, ਇੰਟਰਨੈਸ਼ਨਲਿਜ਼ਮ, ਲੀਡਰਸਿ਼ਪ/ਗਵਰਨੈਂਸ ਕੁਆਲਿਟੀ ਅਤੇ ਰੇਂਜ ਆਫ਼ ਪ੍ਰੋਗਰਾਮਜ਼ ਸ਼ਾਮਿਲ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਸਭ ਤੋਂ ਵੱਧ ਨੰਬਰ ਖੋਜ ਅਤੇ ਪਹਿਲਕਮਦੀਆਂ (300 ਵਿਚੋਂ 224 ਅੰਕ), ਅਧਿਆਪਨ ਕੁਸ਼ਲਤਾ (150 ਵਿਚੋਂ 136 ਅੰਕ) ਅਤੇ ਇਨਫਰਾਸਟ੍ਰਕਚਰ ਅਤੇ ਸਹੂਲਤਾਂ (150 ਵਿਚੋਂ 120 ਅੰਕ) ਸ਼ਰੇਣੀਆਂ ਵਿਚ ਪ੍ਰਾਪਤ ਕੀਤੇ ਹਨ। ਜੇਕਰ ‘ਪਾਠਕ੍ਰਮ ਅਤੇ ਅਧਿਆਪਨ ਵਿਧੀਆਂ’ ਜਿਹੀਆਂ ਕੁੱਝ ਸਰਵੇਖਣ ਸ਼ਰੇਣੀਆਂ ਵਿਚ ਅਲਹਿਦਾ ਤੌਰ ਤੇ ਵੇਖਿਆ ਜਾਵੇ ਤਾਂ ਪੰਜਾਬੀ ਯੂਨੀਵਰਸਿਟੀ ਦਾ ਰੈਂਕਿੰਗ ਸਥਾਨ (72/100) ਆਪਣੇ ਮੁਕਾਬਲੇ ਵਿਚਲੀਆਂ ਕਈ ਹੋਰਨਾਂ ਯੂਨੀਵਰਸਿਟੀਆਂ (ਜੋ ਕਿ ਸਮੁੱਚਤਾ ਵਿਚ ਭਾਵੇਂ ਇਸ ਤੋਂ ਉੱਪਰ ਹਨ) ਤੋਂ ਵੀ ਬਿਹਤਰ ਬਣਦਾ ਹੈ। ਇਸ ਸਰਵੇਖਣ ਵਿਚ ਦੇਸ ਭਰ ਵਿਚੋਂ ਵਖ-ਵਖ ਅਦਾਰਿਆਂ ਤੋਂ ਫ਼ੈਕਲਟੀ ਮੈਂਬਰ, ਫਾਈਨਲ ਈਅਰ ਦੇ ਵਿਦਿਆਰਥੀਆਂ ਅਤੇ ਇੰਡਸਟਰੀ ਪ੍ਰਤੀਨਿਧੀਆਂ ਤੋਂ ਇਨ੍ਹਾਂ ਵਿੱਦਿਅਕ ਅਦਾਰਿਆਂ ਦੀ ਗੁਣਵੱਤਾ ਸੰਬੰਧੀ ਵਿਚਾਰ ਜਾਣੇ ਗਏ ਸਨ। ਇਸ ਮਾਣਮੱਤੇ ਮੌਕੇ ਉਨ੍ਹਾਂ ਸਮੂਹ ਅਧਿਆਪਨ, ਗੈਰ ਅਧਿਆਪਨ ਅਮਲਾ, ਵਿਦਿਆਰਥੀਆਂ, ਗਵਨਿਰੰਗ ਬੌਡੀਜ਼, ਆਦਿ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਭ ਦੇ ਸਿਰ ਹੈ ਕਿਉਂਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਇਸ ਸੰਬੰਧੀ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਵਖ-ਵਖ ਸਰਕਾਰੀ ਅਦਾਰਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਖੋਜ ਅਤੇ ਅਧਿਆਪਨ ਦੇ ਵਿਕਾਸ ਲਈ ਸਮੇਂ ਸਮੇਂ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਸਮੇਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਰ ਵਿਚ ਵਾਧਾ ਹੋਣਾ, ਯੂਨੀਵਰਸਿਟੀ ਵਿਚ ਅੱਠ ਅੰਤਰ-ਅਨੁਸਾਸ਼ਨੀ ਖੋਜ ਕੇਂਦਰ ਸਥਾਪਿਤ ਕੀਤੇ ਜਾਣਾ, ਅਹਿਮ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਅਕਾਦਮਿਕ ਸਾਂਝ ਸਿਰਜਣਾ, ਰਾਸ਼ਟਰ ਪੱਧਰੀ ਵੱਡੇ ਗਿਆਨ ਸਮੂਹਾਂ ਦਾ ਮੈਂਬਰ ਹੋਣਾ, ਵਖ-ਵਖ ਖੋਜਾਂ ਲਈ ਪੇਟੈਂਟ ਹਾਸਿਲ ਕਰਨ ਤੋਂ ਅਗਲੇਰੇ ਪੜਾਅ ਵਿਚ ਹਲਦੀ ਦੁੱਧ ਦੇ ਫਾਰਮੂਲੇ ਲਈ ਟੈਕਨੌਲਜੀ-ਟਰਾਂਸਫਰ ਤਕ ਪਹੁੰਚਣਾ, ਕੋਵਿਡ-19 ਜਿਹੇ ਸੰਕਟ ਦੇ ਸਮੇਂ ਸਫਲਤਾ ਪੂਰਵਕ ਆਨਲਾਈਨ ਰੁਖ ਅਪਨਾਉਣਾ,  ਸਮੇਂ ਅਤੇ ਇੰਡਸਟਰੀ ਦੇ ਰੁਝਾਨਾਂ ਅਨੁਸਾਰ ਨਵੇਂ ਕੋਰਸਾਂ ਦੀ ਸ਼ੁਰੂਆਤ ਕਰਨਾ, ਆਦਿ ਵੀ ਅਹਿਮ ਪ੍ਰਾਪਤੀਆਂ ਰਹੀਆਂ ਹਨ।

ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਕਿਹਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਰਾਸ਼ਟਰ ਪੱਧਰ ਦੀ ਅਜਿਹੀ ਰੈਂਕਿੰਗ ਨਾਲ ਪੰਜਾਬੀ ਯੂਨੀਵਰਸਿਟੀ ਦਾ ਨਾਮ ਖੋਜ ਅਤੇ ਅਕਾਦਮਿਕ ਖੇਤਰ ਵਿਚ ਦੇਸ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਪਿਛਲੇ ਕੁੱਝ ਸਮੇਂ ਤੋਂ ਜਿਸ ਤਰ੍ਹਾਂ ਦਾ ਇਕ ਵਿਸ਼ੇਸ਼ ਅਕਾਦਮਿਕ ਮਾਹੌਲ ਪੈਦਾ ਹੋਇਆ ਹੈ, ਉਸ ਦਾ ਇਸ ਪ੍ਰਾਪਤੀ ਵਿਚ ਸਿੱਧਾ ਯੋਗਦਾਨ ਹੈ।

ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਵੀ ਇਸ ਪ੍ਰਾਪਤੀ ਸੰਬੰਧੀ ਵਧਾੲੀ ਦਿੰਦਿਅਾਂ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ  ਉਠਾਏ ਗਏ ਢੁਕਵੇਂ ਕਦਮਾਂ ਨੇ ਯੂਨੀਵਰਸਿਟੀ ਦੀ ਪਛਾਣ ਦੇ ਦਾਇਰੇ ਨੂੰ ਹੋਰ ਵਿਸ਼ਾਲ ਕੀਤਾ ਹੈ।