ਵੱਧ ਰਹੀ ਗਰਮੀ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ – ਸਿਵਲ ਸਰਜਨ

361

ਵੱਧ ਰਹੀ ਗਰਮੀ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ – ਸਿਵਲ ਸਰਜਨ

ਪਟਿਆਲਾ 15 ਮਈ,2022 (      )

ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਨਾਲ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਮੀ ਦਾ ਅਸਰ ਦਿਖਾਈ ਦੇ ਰਿਹਾ ਹੈ।ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 46 ਡਿਗਰੀ ਤੋਂ ਵੀ ਉਪੱਰ ਤੱਕ ਪਹੁੰਚ ਗਿਆ ਹੈ। ਗਰਮ ਹਵਾਵਾਂ ਜਾਂ ਕਹਿ ਲਓ ਲੂ ਦੀਆਂ ਲਹਿਰਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਅਜਿਹੇ ‘ਚ ਲੋਕਾਂ ਦਾ ਬਿਮਾਰ ਹੋਣਾ ਆਮ ਗੱਲ ਹੈ। ਗਰਮੀ ਕਾਰਨ ਲਗਭਗ ਹਰ ਇਲਾਕੇ ਵਿੱਚ ਉਲਟੀਆਂ, ਦਸਤ, ਡੀਹਾਈਡ੍ਰੇਸ਼ਨ ਵਰਗੀਆਂ ਆਮ ਸਮੱਸਿਆਵਾਂ ਹੋ ਰਹੀਆਂ ਹਨ। ਮਾਹਿਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਗਰਮੀ ਕਾਰਨ ਵਿਅਕਤੀ ਸਟ੍ਰੋਕ ਅਤੇ ਕੋਮਾ ਵਿੱਚ ਜਾ ਸਕਦਾ ਹੈ। ਜੇਕਰ ਸਮੇਂ ਸਿਰ ਪ੍ਰਬੰਧ ਨਾ ਕੀਤੇ ਗਏ ਤਾਂ ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ।

ਸਿਵਲ ਸਰਜਨ ਡਾ. ਰਾਜੂ ਧੀਰ ਦੱਸਦੇ ਹਨ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਨੂੰ ਆਮ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹੀਟ ਸਟ੍ਰੋਕ ਤੋਂ ਇਲਾਵਾ ਤੇਜ ਗਰਮੀ ਵਿੱਚ ਡੀਹਾਈਡਰੇਸ਼ਨ, ਹੀਟ ਕ੍ਰੈਂਪ, ਹੀਟ ਸਿੰਕੋਪ, ਚੱਕਰ ਆਉਣਾ, ਘੱਟ ਬੀਪੀ ਦੀ ਸਮੱਸਿਆ ਆਮ ਹੈ।ਅਜਿਹੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਕਿ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ। ਪ੍ਰਭਾਵਿਤ ਵਿਅਕਤੀ ਨੂੰ ਛਾਂ ਵਿੱਚ ਲਿਆਉਣ ਦੇ ਫੌਰੀ ਉਪਾਅ ਅਤੇ ਸਰੀਰ ਦੇ ਤਾਪਮਾਨ ਨੂੰ ਘਟਾਉਣ ਦੇ ਯਤਨ ਜ਼ਰੂਰੀ ਹਨ।ਗਰਮੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਘੱਟ ਹੋਣ ਕਾਰਨ ਉਲਟੀਆਂ, ਦਸਤ ਵਰਗੀਆਂ ਸਮੱਸਿਆਵਾਂ ਵੀ ਆਮ ਹਨ। ਫੂਡ ਪੁਆਇਜ਼ਨਿੰਗ, ਗੰਦਾ ਪਾਣੀ ਪੀਣ ਨਾਲ ਟਾਈਫਾਈਡ, ਹੈਪੇਟਾਈਟਸ, ਪੀਲੀਆ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਓਹਨਾਂ ਦੱਸਿਆ ਕਿ ਦਿਨ ਵਿੱਚ ਕਰੀਬ ਦੋ ਘੰਟੇ ਬਹੁਤ ਤੇਜ਼ ਧੁੱਪ ਪੈਂਦੀ ਹੈ।ਇਸ ਲਈ ਗਰਮੀ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਘੰਟਿਆਂ ਦੌਰਾਨ  ਦੁਪਹਿਰ 1-3 ਵਜੇ ਤੱਕ ਸਿੱਧੀ ਧੁੱਪ ਵਿੱਚ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।

ਵੱਧ ਰਹੀ ਗਰਮੀ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ - ਸਿਵਲ ਸਰਜਨ
Civil Surgeon

ਜਿਲ੍ਹਾ ਐਪੀਡੀਮੋੋਲੋਜਿਸਟ ਡਾ ਸੁਮੀਤ ਸਿੰਘ ਨੇ ਕਿਹਾ ਕਿ ਇੱਕ ਦਿਨ ਵਿੱਚ ਢਾਈ ਤੋਂ ਤਿੰਨ ਲੀਟਰ ਪਾਣੀ ਸਮੇਤ ਤਰਲ ਪਦਾਰਥਾਂ ਦਾ ਸੇਵਨ ਕਰੋ। ਸਵੱਛਤਾ ਦਾ ਧਿਆਨ ਰੱਖਦੇ ਹੋਏ ਬਾਜ਼ਾਰਾਂ ਵਿੱਚ ਜੂਸ ਦੀ ਬਜਾਏ ਤਾਜ਼ੇ ਸਾਬਤ ਫਲਾਂ ਦੀ ਵਰਤੋਂ ਕਰੋ ਤਾਂ ਜੋ ਉਲਟੀ, ਦਸਤ, ਅਪਚ, ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਤੋਂ ਬਚਾਅ ਰੱਖਿਆ ਜਾ ਸਕੇ। ਨਿੰਬੂ ਪਾਣੀ ਇੱਕ ਵਧੀਆ ਵਿਕਲਪ ਹੈ ਪਰ ਨਿੰਬੂ ਦੀ ਕੀਮਤ ਇਸਦੀ ਜਨਤਕ ਵਰਤੋਂ ਨੂੰ ਘਟਾ ਰਹੀ ਹੈ, ਲੋੜੀਂਦੇ ਇਲੈਕਟ੍ਰੋਲਾਈਟਸ ਸੰਤੁਲਨ ਨੂੰ ਪੂਰਾ ਕਰਨ ਲਈ ਨਾਰੀਅਲ ਪਾਣੀ ਅਤੇ ਲੱਸੀ ਇੱਕ ਵਧੀਆ ਵਿਕਲਪ ਹੋ ਸਕਦੇ ਹਨ। ਤਰਬੂਜ ਵਿੱਚ ਫਲਾਂ ਨਾਲੋਂ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਉਹਨਾਂ ਅਨੁਸਾਰ ਗਰਮੀ ਕਾਰਨ ਸਰੀਰ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਨਾਲ-ਨਾਲ ਬਾਹਰੀ ਤੌਰ ‘ਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਚਮੜੀ ‘ਤੇ ਲਾਲ ਧੱਫੜ, ਪਿੱਤ ਦੇ ਧੱਫੜ ਅਤੇ ਇਨਫੈਕਸ਼ਨ ਦਾ ਵੀ ਖ਼ਤਰਾ ਰਹਿੰਦਾ ਹੈ।ਇਸ ਤੋਂ ਸੁਰੱਖਿਆ ਲਈ ਸਰੀਰ ‘ਤੇ ਗੂੜ੍ਹੇ ਰੰਗ ਦੇ ਕੱਪੜੇ ਨਾ ਪਾਓ।