ਭਾਈ ਅਮ੍ਰਿਤਪਾਲ ਸਿੰਘ ਦੀ ਵਿਗੜ ਰਹੀ ਸਿਹਤ ਲਈ ਸਰਕਾਰ ਜ਼ਿੰਮੇਵਾਰ :-ਪ੍ਰੋ. ਚੰਦੂਮਾਜਰਾ
ਬਹਾਦਰਜੀਤ/ਰੂਪਨਗਰ ,15 ਮਾਰਚ 2024
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨਸਭਾ ਹਲਕਾ ਚਮਕੌਰ ਸਾਹਿਬ ਦੇ ਪਿੰਡ ਸਿੰਘ ਦੇ ਸਰਪੰਚ ਮਿਹਰ ਸਿੰਘ ਨੂੰ ਵੱਡੀ ਗਿਣਤੀ ‘ਚ ਸਾਥੀਆੰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਉਣ ਸਮੇਂ ਸੰਬੋਧਨ ਕਰਦਿਆਂ ਆਖਿਆ ਕਿ ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆੰ ਦੀ ਜ਼ੇਲ੍ਹ ਅੰਦਰ ਵਿਗੜ ਰਹੀ ਸਿਹਤ ਲਈ ਸਿੱਧੇ ਤੌਰ ‘ਤੇ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆੰ ਉੱਤੇ ਝੂਠੀਆਂ ਅਤੇ ਮਨਘੜ੍ਹਤ ਅਫ਼ਵਾਹਾਂ ਫੈਲਾਅ ਕੇ ਲਗਾਇਆ ਐੱਨ.ਐੱਸ.ਏ. ਅਤਿ ਮੰਦਭਾਗਾ ਵਰਤਾਰਾ ਸੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਜਿਹੀ ਕੋਈ ਦੇਸ਼ ਵਿਰੋਧੀ ਲਹਿਰ ਨਹੀਂ ਚੱਲ ਰਹੀ ਸੀ, ਜਿਸ ਕਰਕੇ ਸਰਕਾਰ ਨੂੰ ਨੌਜਵਾਨਾਂ ਖਿਲਾਫ਼ ਐੱਨਐੱਸਏ ਜਿਹੇ ਸਖ਼ਤ ਕਾਨੂੰਨ ਦੀ ਵਰਤੋਂ ਕਰਨੀ ਪਏ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਰਕਾਰ ਤੁਰੰਤ ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆੰ ਤੇ ਲਗਾਇਆ ਦੇਸ਼ ਵਿਰੋਧੀ ਐਕਟ ਵਾਪਿਸ ਲਏ। ਉਨ੍ਹਾਂ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਉੱਤੇ ਧੜਾਧੜ ਅਜਿਹੇ ਸਖ਼ਤ ਕਾਨੂੰਨਾਂ ਦੀ ਦੁਵਰਤੋਂ ਕਰਕੇ ਸਰਕਾਰ ਜਾਣਬੁੱਝ ਸੂਬੇ ਅੰਦਰ ਡਰ ਅਤੇ ਸਹਿਮ ਵਾਲਾ ਮਾਹੌਲ ਸਿਰਜਣਾ ਚਾਹੁੰਦੀ ਹੈ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਸਰਕਾਰ ਨੂੰ ਅਪੀਲ ਕਰਦਿਆੰ ਆਖਿਆ ਕਿ ਭਾਈ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆੰ ਦੀ ਵਿਗੜ ਰਹੀ ਸਿਹਤ ‘ਤੇ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਜਲਦ ਤੋਂ ਜਲਦ ਡਿਬਰੂਗੜ੍ਹ ਜੇਲ੍ਹ ਤੋਂ ਵਾਪਿਸ ਪੰਜਾਬ ਲਿਆ ਜੇਲ੍ਹ ਅੰਦਰ ਸਿਹਤ ਸੰਬੰਧੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਆਪਣੀਆਂ ਮੰਗਾਂ ਨੂੰ ਲੈਕੇ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਸਰਕਾਰ ਵੱਲੋੰ ਕੀਤੇ ਅੰਨ੍ਹਵਾਹ ਤਸ਼ੱਦਦ ਲਈ ਮੁੱਖ ਮੰਤਰੀ ਨੂੰ ਸਿੱਧੇ ਰੂਪ ‘ਚ ਜ਼ਿੰਮੇਵਾਰ ਠਹਿਰਾਇਆ । ਉਨ੍ਹਾਂ ਆਖਿਆ ਕਿ ਪੰਜਾਬ ਦੀ ਹੱਦ ਅੰਦਰ ਹਰਿਆਣਾ ਵੱਲੋੰ ਪੰਜਾਬ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਮਾਰ ਕੇ ਕੀਤਾ ਕਤਲ ਸਰਕਾਰ ਨੂੰ ਕਟਹਿਰੇ ‘ਚ ਲਿਆ ਖੜ੍ਹਾ ਕਰਦਾ ਹੈ। ਪਰ ਅਫ਼ਸੋਸ ਸਰਕਾਰ ਵੱਲੋਂ ਕੋਈ ਬਣਦੀ ਕਾਰਵਾਈ ਅਤੇ ਐੱਫ.ਆਈ.ਆਰ ਤੋਂ ਟਾਲਾ ਵੱਟਣਾ ਵੱਡੀ ਲਾਪਰਵਾਹੀ ਸੀ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਹੱਦ ਅੰਦਰ ਕਿਸਾਨਾਂ ਨਾਲ ਹੋਏ ਤਸ਼ੱਦਦ ਤੋਂ ਕਾਂਗਰਸ ਸੁਰਖੁਰੂ ਨਹੀਂ ਹੋ ਸਕਦੀ। ਉਨ੍ਹਾਂ ਆਖਿਆ ਕਿ ਪੰਜਾਬ ਤੋਂ ਬਾਹਰ ਆਪ ਅਤੇ ਕਾਂਗਰਸ ਦਾ ਗੱਠਜੋੜ੍ਹ ਹੈ। ਜੋ ਸਿੱਧੇ ਰੂਪ ਵਿੱਚ ਕਿਸਾਨਾਂ ਉੱਪਰ ਹੋਏ ਤਸ਼ੱਦਦ ਲਈ ਕਾਂਗਰਸ ਨੂੰ ਬਰਾਬਰ ਦਾ ਭਾਗੀਦਾਰ ਬਣਾ ਰਿਹਾ ਹੈ।
ਇਸ ਸਮੇਂ ਪਿੰਡ ਸਿੰਘ ਦੇ ਸਰਪੰਚ ਮਿਹਰ ਸਿੰਘ ਆਪਣੀ ਧਰਮਪਤਨੀ ਸਾਬਕਾ ਮੈਂਬਰ ਬਲਾਕ ਸੰਮਤੀ ਬੀਬੀ ਪਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਪਣੇ ਸਾਥੀਆੰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਪ੍ਰੋ. ਚੰਦੂਮਾਜਰਾ ਦੇ ਹੱਕ ਵਿੱਚ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ, ਸ਼ੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਹਰਪ੍ਰੀਤ ਸਿੰਘ, ਸਰਕਲ ਪਧਾਨ ਨਰਿੰਦਰ ਸਿੰਘ ਮਾਵੀ, ਮੋਹਨਜੀਤ ਕਮਾਲਪੁਰ, ਤਰਸੇਮ ਸਿੰਘ, ਦਰਸ਼ਨ ਸੋਲ਼ਖੀਆ, ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਚ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਸ਼ਾਮਿਲ ਸਨ।