ਅਨੀਸ਼ ਸਦਾਨਾ ਨੇ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਭਾਜਪਾ ਦੀ ਬਦਲਾਅ ਰੈਲੀ ਬਾਰੇ ਦਿੱਤੀ ਜਾਣਕਾਰੀ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,2 ਮਾਰਚ,2026
ਰੂਪਨਗਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੀਨੀਅਰ ਭਾਜਪਾ ਆਗੂ ਅਨੀਸ਼ ਸਦਾਨਾ ਨੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਰੈਲੀ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਪਾਰਟੀ ਵਰਕਰ ਤਿਆਰੀਆਂ ਵਿੱਚ ਪੂਰੀ ਲਗਨ ਨਾਲ ਜੁਟੇ ਹੋਏ ਹਨ।
ਅਨੀਸ਼ ਸਦਾਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ 14 ਮਾਰਚ ਨੂੰ ਪੰਜਾਬ ਦੌਰੇ ਤੇ ਆ ਰਹੇ ਹਨ ਅਤੇ ਮੋਗਾ ਵਿੱਚ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਰੈਲੀ ਸਿਰਫ਼ ਇਕ ਰਾਜਨੀਤਿਕ ਕਾਰਜਕ੍ਰਮ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨਾਲ ਜੁੜਿਆ ਇਕ ਮਹੱਤਵਪੂਰਨ ਸੰਵਾਦ ਹੋਵੇਗਾ। ਅਮਿਤ ਸ਼ਾਹ ਆਪਣੇ ਭਾਸ਼ਣ ਦੌਰਾਨ ਪੰਜਾਬ ਨਾਲ ਸੰਬੰਧਿਤ ਮੁੱਖ ਮੁੱਦਿਆਂ ਤੇ ਵਿਚਾਰ ਪ੍ਰਗਟ ਕਰਨਗੇ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲਬਧੀਆਂ ਨੂੰ ਲੋਕਾਂ ਸਾਹਮਣੇ ਰੱਖਣਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਵਰਗ ਲਈ ਇਤਿਹਾਸਕ ਕੰਮ ਕੀਤੇ ਹਨ। ਗਰੀਬ ਕਲਿਆਣ ਯੋਜਨਾਵਾਂ, ਕਿਸਾਨ ਸਨਮਾਨ ਨਿਧੀ, ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਸਡਾਨਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਵੀ ਕਈ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਰਾਜ ਨੂੰ ਹੋਰ ਵੱਡਾ ਲਾਭ ਮਿਲੇਗਾ।
ਪ੍ਰੈਸ ਕਾਨਫਰੰਸ ਦੌਰਾਨ ਅਨੀਸ਼ ਸਦਾਨਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ 14 ਮਾਰਚ ਨੂੰ ਮੋਗਾ ਪਹੁੰਚ ਕੇ ਇਸ ਇਤਿਹਾਸਕ ਰੈਲੀ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਇਹ ਮੌਕਾ ਪੰਜਾਬ ਦੀ ਆਵਾਜ਼ ਨੂੰ ਰਾਸ਼ਟਰੀ ਮੰਚ ਤੱਕ ਪਹੁੰਚਾਉਣ ਦਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਦੀ ਸਚੇਤ ਜਨਤਾ ਇਸ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ਅਤੇ ਭਾਜਪਾ ਦੇ ਵਿਕਾਸ ਸੰਕਲਪ ਨੂੰ ਮਜ਼ਬੂਤ ਕਰੇਗੀ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ ਅਤੇ ਕੇਂਦਰ ਅਤੇ ਰਾਜ ਦੇ ਦਰਮਿਆਨ ਬਿਹਤਰ ਤਾਲਮੇਲ ਰਾਹੀਂ ਸੂਬੇ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ। ਮੋਗਾ ਦੀ ਇਹ ਰੈਲੀ ਨਿਸ਼ਚਿਤ ਤੌਰ ਤੇ ਪੰਜਾਬ ਦੀ ਰਾਜਨੀਤੀ ਵਿੱਚ ਇਕ ਨਵਾਂ ਅਧਿਆਇ ਜੋੜੇਗੀ।
ਇਸ ਮੌਕੇ ਅਮਨਪ੍ਰੀਤ ਸਿੰਘ ਕਾਬੜਵਾਲ, ਰਮਨ ਜਿੰਦਲ, ਕੁਲਜਿੰਦਰ ਲਾਲਪੁਰ, ਸਰਪੰਚ ਮਦਨ ਲਾਲ, ਬੁੱਧ ਸਿੰਘ, ਦਰਸ਼ਨ ਸਿੰਘ ਸੱਜਾ, ਨਵੀਨ ਕੁਮਾਰ, ਜਗਦੀਸ਼ ਚੰਦਰ ਕਾਜਲਾ, ਜਗਮਨਦੀਪ ਸਿੰਘ ਪੜੀ, ਸੁਰਜੀਤ, ਨਵੀਨ, ਇੰਦਰਪਾਲ, ਸੌਰਵ ਮੀਆਂਪੁਰ, ਅਰਸ਼ ਬਾਠ, ਤਜਿੰਦਰ ਸਿੰਘ ਤੇਜੀ, ਅਮਨਿੰਦਰ ਰਾਏ, ਡਾਕਟਰ ਇੰਦਰਜੀਤ, ਬਾਲ ਕ੍ਰਿਸ਼ਨ ਕੁਕੂ, ਕੈਪਟਨ ਮੁਲਤਾਨ ਸਿੰਘ ਅਤੇ ਪਿਆਰਾ ਸਿੰਘ ਹਾਜ਼ਰ ਰਹੇ।












