ਸਮੂਹ ਕਾਲਜਾਂ ਦੇ ਅਧਿਆਪਕਾਂ ਵੱਲੋਂ ਛੁੱਟੀਆਂ ਵਿੱਚ ਇਮਤਿਹਾਨ ਲੈਣ ਤੋਂ ਇੰਨਕਾਰ

963

ਸਮੂਹ ਕਾਲਜਾਂ ਦੇ ਅਧਿਆਪਕਾਂ ਵੱਲੋਂ ਛੁੱਟੀਆਂ ਵਿੱਚ ਇਮਤਿਹਾਨ ਲੈਣ ਤੋਂ ਇੰਨਕਾਰ

ਪਟਿਆਲਾ/29 ਨਵੰਬਰ, 2023

ਅੱਜ ਮਿਤੀ 29/11/2033 ਨੂੰ ਪੰਜਾਬ ਦੀਆਂ ਸਮੂਹ ਕਾਲਜ ਅਧਿਆਪਕ ਜੱਥੇਬੰਦੀਆਂ ( ਜੀ.ਸੀ.ਟੀ.ਏ, ਪੀ.ਸੀ.ਸੀ.ਟੀ.ਯੂ, ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸਿਏਸ਼ਨ, ਐਚ.ਈ.ਆਈ.ਐਸ ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛੁੱਟੀਆਂ ਵਿੱਚ ਇਮਤਿਹਾਨ ਰੱਖਣ ਅਤੇ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਬਕਾਇਆ ਅਦਾ ਕੀਤੇ ਜਾਣ ਸੰਬੰਧੀ ਸਾਂਝਾ ਡੈਲਿਗੇਸ਼ਨ ਲੈ ਕੇ ਡੀਨ ਅਕਾਦਮਿਕ ਅਤੇ ਕੰਟਰੋਲਰ ਪ੍ਰੀਖਿਆਵਾਂ ਨੂੰ ਮਿਲੇ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਛੁੱਟੀਆਂ ਵਿੱਚ ਇਮਤਿਹਾਨ ਰੱਖਣ ਦਾ ਵਿਰੋਧ ਕਰਦੇ ਹੋਏ ਛੁੱਟੀਆਂ ਵਿੱਚ ਕਿਸੇ ਵੀ ਯੂਨੀਵਰਸਿਟੀ ਡਿਉਟੀ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ।

ਪ੍ਰੋਫੈਸਰ ਅੰਮ੍ਰਿਤ ਸਮਰਾ ਪ੍ਰਧਾਨ ਸਰਕਾਰੀ ਕਾਲਜ ਟੀਚਰ ਐਸੋਸਿਏਸ਼ਨ ਨੇ ਦੱਸਿਆ ਕਿ ਯੂ.ਜੀ.ਸੀ / ਪੰਜਾਬ ਸਰਕਾਰ  / ਯੂਨੀਵਰਸਿਟੀ ਕੈਲੰਡਰ ਅਨੁਸਾਰ ਕਾਲਜ ਦੇ ਅਧਿਆਪਕਾਂ ਨੂੰ ਸਾਲ ਵਿੱਚ ਦਸ ਹਫਤੇ ਦੀਆਂ ਛੁੱਟੀਆਂ ਹੁੰਦੀਆਂ ਹਨ। ਜਿਸ ਕਾਰਨ ਉਹਨਾਂ ਨੂੰ ਕਮਾਈ ਛੁੱਟੀ ਨਹੀਂ ਮਿਲਦੀ ਜੇਕਰ ਉਹਨਾਂ ਤੋਂ ਛੁੱਟੀਆਂ ਵਿੱਚ ਕੰਮ ਲਿਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਬਦਲੇ ਵਿੱਚ ਉਹਨਾਂ ਨੂੰ ਕਮਾਈ ਛੁੱਟੀ ਜਾਂ ਕਮਾਈ ਛੁੱਟੀ ਬਰਾਬਰ ਭੁਗਤਾਨ ਕਰਨਾ ਬਣਦਾ ਹੈ । ਪਰੰਤੂ ਇਸ ਅਕਾਦਮਿਕ ਵਰ੍ਹੇ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਜੂਨ – ਜੁਲਾਈ ਦੀਆਂ ਛੁੱਟੀਆਂ ਵਿੱਚ ਦਾਖਲੇ ਅਤੇ ਇਮਤਿਹਾਨ ਰੱਖ ਲਏ ਤੇ ਹੁਣ ਵੀ ਦਸੰਬਰ ਦੀਆਂ ਛੁੱਟੀਆਂ ਵਿੱਚ ਇਮਤਿਹਾਨ ਰੱਖ ਲਏ ਹਨ। ਜਦੋਂ ਕਿ  ਇਸਦੇ ਇਵਜ਼ ਵਿੱਚ ਬਣਦੀ ਕਮਾਈ ਛੁੱਟੀ ਨਹੀਂ ਦਿੱਤੀ ਜਾ ਰਹੀ।

ਪ੍ਰੋ. ਬਹਾਦਰ ਸਿੰਘ ਏਰੀਆ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਦੱਸਿਆ ਕਿ ਕਾਲਜ ਅਧਿਆਪਕਾਂ ਨੂੰ ਛੁੱਟੀਆਂ ਵਿੱਚ ਕੰਮ ਕਰਨ ਤੋਂ ਗੁਰੇਜ ਨਹੀਂ ਹੈ ਪਰੰਤੂ ਇਸਦੇ ਬਦਲੇ ਯੂਨੀਵਰਸਿਟੀ ਨੂੰ ਬਣਦੀ ਕਮਾਈ ਛੁੱਟੀ ਜਾਂ ਉਸਦੇ ਬਰਾਬਰ ਬਣਦਾ ਭੁਗਤਾਨ ਕਰਨਾ ਪਵੇਗਾ। ਬਿਨਾਂ ਭੁਗਤਾਨ ਤੋਂ ਛੁੱਟੀਆਂ ਵਿੱਚ ਕੰਮ ਲੈਣਾ ਬੰਧੂਆ ਮਜ਼ਦੂਰੀ ਬਣਦੀ ਹੈ ਜੋ ਕਿ ਭਾਰਤੀ ਸਵਿਧਾਨ ਅਤੇ ਕਾਨੂੰਨ ਵੱਲੋਂ ਗੈਰ ਕਾਨੂੰਨੀ ਅਤੇ ਵਰਜਿਤ ਹੈ ।

ਪ੍ਰੋ. ਹੁਕਮ ਚੰਦ ਪ੍ਰਧਾਨ ਗੈਸਟ ਫੈਕਲਟੀ ਐਸੋਸਿਏਸ਼ਨ ਅਤੇ ਪ੍ਰੋ. ਸੁਮੀਤ ਸ਼ੰਮੀ ਨੇ ਕਿਹਾ ਕਿ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਵਿੱਚ ਯੂਨੀਵਰਸਿਟੀ ਕਾਲਜ ਅਧਿਆਪਕਾਂ ਤੋਂ ਛੁੱਟੀਆਂ ਵਿੱਚ ਕੰਮ ਨਹੀਂ ਲੈ ਸਕਦੀ । ਉਹਨਾਂ ਇਹ ਵੀ ਕਿਹਾ ਯੂਨੀਵਰਸਿਟੀ ਵੱਲੋਂ ਪ੍ਰੈਕਟੀਕਲ ਅਤੇ ਪ੍ਰੀਖਿਆ ਫੀਸ ਹਰ ਵਿਦਿਆਰਥੀ ਤੋਂ ਐਡਵਾਂਸ ਵਿੱਚ ਲਈ ਜਾਂਦੀ ਹੈ । ਜਿਸ ਵਿੱਚੋਂ ਪ੍ਰੀਖਿਆਵਾਂ ਤੇ ਆਉਣ ਵਾਲੇ ਖਰਚ ਭਾਵ ਕਿ ਪ੍ਰੀਖਿਆ ਡਿਉਟੀਆਂ / ਮੁਲਾਂਕਣ ਤੇ ਪ੍ਰੀਖਿਆ ਸੈਂਟਰ ਡਿਉਟੀ ਕਾਲਜ ਅਤੇ ਕਾਲਜ ਅਧਿਆਪਕਾਂ ਨੂੰ ਭੁਗਤਾਨ ਕਰਨਾ ਹੁੰਦਾ ਹੈ ਪਰੰਤੂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਭੁਗਤਾਨ ਨਹੀਂ ਕੀਤਾ ਜਾ ਰਿਹਾ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਇੱਕ ਸਾਲ ਵਿੱਚ 100 ਕਰੋੜ ਰੁਪਿਆ ਪ੍ਰੀਖਿਆ / ਪ੍ਰੈਕਟੀਕਲ ਫੀਸਾਂ ਦੇ ਰੂਪ ਵਿੱਚ ਇੱਕਠਾ ਕਰਦੀ ਹੈ ਪਰੰਤੂ ਇਹ ਪੈਸਾ ਕਿੱਥੇ ਜਾਂਦਾ ਹੈ ਇਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ।


ਸਮੂਹ ਕਾਲਜਾਂ ਦੇ ਅਧਿਆਪਕਾਂ ਵੱਲੋਂ ਛੁੱਟੀਆਂ ਵਿੱਚ ਇਮਤਿਹਾਨ ਲੈਣ ਤੋਂ ਇੰਨਕਾਰ

ਪ੍ਰੋ. ਐਸ. ਐਸ. ਭਾਟੀਆ ਜ਼ਿਲ੍ਹਾ ਪ੍ਰਧਾਨ  ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਦੱਸਿਆ ਕਿ ਯੂਨੀਵਰਸਿਟੀ ਸ਼ਹੀਦੀ ਜੋੜ ਮੇਲੇ ਦੌਰਾਨ ਵੀ ਪ੍ਰੀਖਿਆਵਾਂ ਰੱਖੀਆਂ ਗਈਆਂ ਹਨ । ਜਿਸ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਕੇਦਰਾਂ ਵਿੱਚ ਪਹੁੰਚਣ ਲਈ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ । ਉਹਨਾਂ ਕਿਹਾ ਕਿ ਕਾਲਜ ਅਧਿਆਪਕ ਛੁੱਟੀਆਂ ਵਿੱਚ ਕੰਮ ਕਰਨ ਤੋਂ ਇੰਨਕਾਰ ਨਹੀਂ ਕਰਦੇ ਪਰੰਤੂ ਜੇਕਰ ਯੂਨੀਵਰਸਿਟੀ ਨੇ ਇਸਦੇ ਇਵਜ਼ ਵਿੱਚ ਬਣਦੀ ਕਮਾਈ ਛੁੱਟੀ ਜਾਂ ਉਸਦੇ ਬਰਾਬਰ ਭੁਗਤਾਨ ਨਾ ਕੀਤਾ ਤਾਂ ਛੁੱਟੀਆਂ ਦੌਰਾਨ ਯੂਨੀਵਰਸਿਟੀ ਦੇ ਕਿਸੇ ਵੀ ਕੰਮ ਦਾ ਪੂਰਨ ਬਾਈਕਾਟ ਰਹੇਗਾ ਜਿਸਦੀ ਨਿਰੋਲ ਜਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ ।

ਸਮੂਹ ਕਾਲਜਾਂ ਦੇ ਅਧਿਆਪਕਾਂ ਵੱਲੋਂ ਛੁੱਟੀਆਂ ਵਿੱਚ ਇਮਤਿਹਾਨ ਲੈਣ ਤੋਂ ਇੰਨਕਾਰ I ਇਸ ਡੈਲੀਗੈਸ਼ਨ ਵਿੱਚ ਡਾ. ਨੀਰਜ ਗੌਇਲ , ਡਾ. ਵਰੁਣ ਜੈਨ , ਡਾ. ਸ਼ਮਸ਼ੇਰ ਸਿੰਘ, ਪ੍ਰੋ. ਗੁਰਜੀਤ ਸਿੰਘ, ਡਾ. ਤਰਨਜੀਤ ਸਿੰਘ. ਪ੍ਰੋ. ਚਰਨਜੀਤ ਕੌਰ, ਪ੍ਰੋ. ਬਲਦੇਵ ਸਿੰਘ ਆਦਿ ਸ਼ਾਮਿਲ ਰਹੇ ।