ਧਾਮੀ ਵੱਲੋਂ ਮਹਾਨ ਕੋਸ਼ ਦੀ ਪੰਜਾਬੀ ਯੂਨੀਵਰਸਿਟੀ ਵੱਲੋਂ ਬੇਅਦਬੀ ਕਰਨ ਦੀ ਕੀਤੀ ਨਿਖੇਧੀ, ਸਿੱਖ ਸਾਹਿਤ ਦੇ ਸਸਕਾਰ ਲਈ ਸ਼੍ਰੋਮਣੀ ਕਮੇਟੀ ਨਾਲ ਕਰਨਾ ਚਾਹੀਦਾ ਸੀ ਰਾਬਤਾ

275

ਧਾਮੀ ਵੱਲੋਂ ਮਹਾਨ ਕੋਸ਼ ਦੀ ਪੰਜਾਬੀ ਯੂਨੀਵਰਸਿਟੀ ਵੱਲੋਂ ਬੇਅਦਬੀ ਕਰਨ ਦੀ ਕੀਤੀ ਨਿਖੇਧੀ, ਸਿੱਖ ਸਾਹਿਤ ਦੇ ਸਸਕਾਰ ਲਈ ਸ਼੍ਰੋਮਣੀ ਕਮੇਟੀ ਨਾਲ ਕਰਨਾ ਚਾਹੀਦਾ ਸੀ ਰਾਬਤਾ

ਅੰਮ੍ਰਿਤਸਰ, 29 ਅਗਸਤ,2025 – 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਨ ਕੋਸ਼ ਨੂੰ ਜਮੀਨ ਹੇਠਾਂ ਦੱਬ ਕੇ ਕੀਤੀ ਬੇਅਦਬੀ ਦੀ ਹਰਕਤ ਨੂੰ ਮੰਦਭਾਗੀ, ਨਿੰਦਣਯੋਗ ਅਤੇ ਸਿੱਖ ਰਹੁਰੀਤਾਂ ਵਿਰੁੱਧ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਅਤੇ ਸਿੱਖ ਸਾਹਿਤ ਦੇ ਪ੍ਰਤੀ ਆਦਰ-ਸਨਮਾਨ ਰੱਖਣਾ ਹਰ ਸੰਸਥਾ ਦੀ ਜ਼ਿੰਮੇਵਾਰੀ ਹੈ। ਮਹਾਨ ਕੋਸ਼ ਕੋਈ ਸਿਰਫ਼ ਕਿਤਾਬ ਨਹੀਂ ਹੈ, ਸਗੋਂ ਇਹ ਸਿੱਖ ਕੌਮ ਦੀ ਵਿਰਾਸਤ ਹੈ, ਜਿਨ੍ਹਾਂ ਦਾ ਸਹੀ ਮਰਿਆਦਾ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਅਤੇ ਸਿੱਖ ਇਤਿਹਾਸ ਤੇ ਸਿਧਾਂਤਾਂ ਬਾਰੇ ਜਾਣਕਾਰੀ ਦਰਜ ਹੈ, ਇਸ ਲਈ ਸਿੱਖ ਭਾਵਨਾਵਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਨੂੰ ਗਲਤੀਆਂ ਵਾਲੇ ਮਹਾਨ ਕੋਸ਼ ਦੇ ਕੁਝ ਅੰਕ ਖਤਮ ਕਰਨ ਦੀ ਲੋੜ ਸੀ, ਤਾਂ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਪਾਵਨ ਗੁਰਬਾਣੀ, ਪੁਰਾਣੇ ਸਿੱਖ ਧਾਰਮਿਕ ਗ੍ਰੰਥਾਂ ਅਤੇ ਸਾਹਿਤ ਦਾ ਗੁਰਮਤਿ ਅਨੁਸਾਰ ਸਸਕਾਰ ਕੀਤਾ ਜਾ ਰਿਹਾ ਹੈ। ਇਸ ਲਈ ਕਿਸੇ ਵੀ ਸੰਸਥਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨਮਰਜ਼ੀ ਦੇ ਫ਼ੈਸਲੇ ਕਰਨ ਦੀ ਬਜਾਏ ਧਾਰਮਿਕ ਮਰਿਆਦਾ ਅਨੁਸਾਰ ਕਦਮ ਚੁੱਕੇ।

ਧਾਮੀ ਵੱਲੋਂ ਮਹਾਨ ਕੋਸ਼ ਦੀ ਪੰਜਾਬੀ ਯੂਨੀਵਰਸਿਟੀ ਵੱਲੋਂ ਬੇਅਦਬੀ ਕਰਨ ਦੀ ਕੀਤੀ ਨਿਖੇਧੀ, ਸਿੱਖ ਸਾਹਿਤ ਦੇ ਸਸਕਾਰ ਲਈ ਸ਼੍ਰੋਮਣੀ ਕਮੇਟੀ ਨਾਲ ਕਰਨਾ ਚਾਹੀਦਾ ਸੀ ਰਾਬਤਾ- ਧਾਮੀ 

ਐਡਵੋਕੇਟ ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀ ਗਈ ਇਹ ਕਾਰਵਾਈ ਧਾਰਮਿਕ ਸਿਧਾਂਤਾਂ ਅਤੇ ਸਿੱਖ ਰੀਤੀ ਦੀ ਅਣਦੇਖੀ ਹੈ, ਜਿਸ ਨਾਲ ਸਿੱਖ ਕੌਮ ਦੇ ਭਾਵਨਾਵਾਂ ਨੂੰ ਗਹਿਰਾ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਇਸ ਦੀ ਤੁਰੰਤ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਪਛਤਾਵੇ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕਰਨੀ ਚਾਹੀਦੀ ਹੈ।