ਜਾਗਰੂਕਤਾ ਦਾ ਪਾਠ ਸਿਖਾਉਂਦਾ ਫਾਇਰ ਸੁਰੱਖਿਆ ਸਪਤਾਹ ਸੰਪੰਨ; ਫਾਇਰ ਬ੍ਰਿਗੇਡ ਪਟਿਆਲਾ ਨੇ ਪੂਰੇ ਸ਼ਹਿਰ ‘ਚ ਕੱਢਿਆ ਰੋਡ ਸ਼ੋਅ

144

ਜਾਗਰੂਕਤਾ ਦਾ ਪਾਠ ਸਿਖਾਉਂਦਾ ਫਾਇਰ ਸੁਰੱਖਿਆ ਸਪਤਾਹ ਸੰਪੰਨ; ਫਾਇਰ ਬ੍ਰਿਗੇਡ ਪਟਿਆਲਾ ਨੇ ਪੂਰੇ ਸ਼ਹਿਰ ‘ਚ ਕੱਢਿਆ ਰੋਡ ਸ਼ੋਅ

ਪਟਿਆਲਾ 20 ਅਪ੍ਰੈਲ,2022 ()

ਅੱਜ ਰਾਸ਼ਟਰੀ ਫਾਇਰ ਸਰਵਿਸ ਹਫ਼ਤੇ ਦੇ ਅੰਤਿਮ ਦਿਨ ਫਾਇਰ ਬ੍ਰਿਗੇਡ ਪਟਿਆਲਾ ਵੱਲੋਂ ਪੂਰੇ ਸ਼ਹਿਰ ਵਿੱਚ ਜਾਗਰੂਕਤਾ ਰੋਡ ਸ਼ੋਅ ਕੱਢਿਆ ਗਿਆ ਅਤੇ ਸੁਰੱਖਿਆ ਹਫ਼ਤਾ ਲੋਕਾਂ ਨੂੰ ਜਾਗਰੂਕਤਾ ਦਾ ਪਾਠ ਪੜ੍ਹਾਉਂਦਾ ਹੋਇਆ ਸੰਪੰਨ ਹੋ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸੰਯੁਕਤ ਕਮਿਸ਼ਨਰ ਜਸਲੀਨ ਕੌਰ ਵੱਲੋਂ ਰੋਡ ਸ਼ੋਅ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਸਹਾਇਕ ਮੰਡਲ ਫਾਇਰ ਅਫਸਰ ਲਛਮਣ ਦਾਸ ਸ਼ਰਮਾ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਫਾਇਰ ਸਰਵਿਸ ਸਪਤਾਹ ਦੇ ਚਲਦਿਆਂ ਫਾਇਰ ਬ੍ਰਿਗੇਡ ਪਟਿਆਲਾ ਵੱਲੋਂ ਸ਼ਹਿਰ ਦੀਆਂ ਸੰਘਣੀ ਅਬਾਦੀ ਵਾਲੀਆਂ ਥਾਵਾਂ, ਸਕੂਲਾਂ-ਕਾਲਜਾਂ, ਹਸਪਤਾਲਾਂ, ਉਦਯੋਗਾਂ ਅਤੇ ਹੋਰ ਸਰਕਾਰੀ ਤੇ ਨਿੱਜੀ ਅਦਾਰਿਆਂ ਵਿੱਚ ਜਾ ਕੇ ਅੱਗ ਬੁਝਾਉਣ ਦੇ ਮੁੱਢਲੇ ਤਰੀਕਿਆਂ, ਅੱਗ ਲੱਗਣ ਦੇ ਕਾਰਨਾਂ ਅਤੇ ਅੱਗ ਬੁਝਾਊ ਦਸਤੇ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਰੋਡ ਸ਼ੋਅ ਨੂੰ ਉਸ ਸਮੇਂ ਹੋਰ ਵੀ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਫਾਇਰ ਬ੍ਰਿਗੇਡ ਦੇ ਸਟਾਫ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਅਸੀਂ ਆਪਣੇ ਕਾਰਜਕਾਲ ਦੌਰਾਨ ਜ਼ਿਲੇ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫਾਇਰ ਬ੍ਰਿਗੇਡ ਪਟਿਆਲਾ ਨੂੰ ਦੋ ਨਵੇਂ ਫਾਇਰ ਟੈਂਡਰ ਤੇ ਹੋਰ ਸਾਜ਼ੋ ਸਾਮਾਨ ਉਪਲੱਬਧ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਫਾਇਰ ਬ੍ਰਿਗੇਡ ਪਟਿਆਲਾ ਦੀ ਨਵੀਂ ਬਿਲਡਿੰਗ ਬਣਨ ਜਾ ਰਹੀ ਹੈ, ਇਸ ਦੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਦੋ ਹੋਰ ਨਵੇਂ ਸਬ-ਸਟੇਸ਼ਨ ਪਟਿਆਲਾ ਵਿਖੇ ਬਣਨ ਜਾ ਰਹੇ ਹਨ, ਜਿਨ੍ਹਾਂ ਲਈ ਲੰਘੇ ਦਿਨੀਂ ਹੋਏ ਇਜਲਾਸ ਵਿੱਚ ਮਤਾ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਫ਼-ਸਫ਼ਾਈ ਸੰਬੰਧੀ ਜਾਗਰੂਕ ਹੋਣ ਦੇ ਚੱਲਦਿਆਂ ਪਟਿਆਲਾ ਨੂੰ ਸਵੱਛ ਭਾਰਤ ਅਭਿਆਨ ਵਿੱਚ ਪਹਿਲਾ ਦਰਜਾ ਮਿਲਿਆ ਹੈ। ਉਸ ਤਰ੍ਹਾਂ ਸ਼ਹਿਰ ਨਿਵਾਸੀਆਂ ਨੂੰ ਅੱਗ ਦੁਰਘਟਨਾਵਾਂ ਸਬੰਧੀ ਵੀ ਜਾਗਰੂਕ ਹੋਣਾ ਚਾਹੀਦਾ ਹੈ।

ਜਾਗਰੂਕਤਾ ਦਾ ਪਾਠ ਸਿਖਾਉਂਦਾ ਫਾਇਰ ਸੁਰੱਖਿਆ ਸਪਤਾਹ ਸੰਪੰਨ; ਫਾਇਰ ਬ੍ਰਿਗੇਡ ਪਟਿਆਲਾ ਨੇ ਪੂਰੇ ਸ਼ਹਿਰ 'ਚ ਕੱਢਿਆ ਰੋਡ ਸ਼ੋਅ

ਇਸ ਦੌਰਾਨ ਸਹਾਇਕ ਮੰਡਲ ਫਾਇਰ ਅਫ਼ਸਰ ਲਛਮਣ ਦਾਸ ਸ਼ਰਮਾ ਨੇ ਅਪੀਲ ਕੀਤੀ ਕਿ ਅੱਗ ਦੀਆਂ ਦੁਰਘਟਨਾਵਾਂ ਨੂੰ ਰੋਕਣ ਅਤੇ ਘੱਟ ਕਰਨ ਲਈ ਸ਼ਹਿਰ ਨਿਵਾਸੀਆਂ ਨੂੰ ਅੱਗ ਬੁਝਾਉਣ ਦੇ ਤਰੀਕੇ ਅਤੇ ਅੱਗ ਤੋਂ ਬਚਾਅ ਸੰਬੰਧੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਅੱਗ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਾਇਰ ਵਿਭਾਗ ਜਨਤਾ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਅਤੇ ਚੌਕਸ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਦੇ ਫ਼ੋਨ ਨੰਬਰ 101 ਤੇ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਫਾਇਰ ਵਿਭਾਗ ਵੱਲੋਂ ਬਚਾਅ ਕਾਰਜ ਤੁਰੰਤ ਅਰੰਭੇ ਜਾ ਸਕਣ। ਇਸ ਮੌਕੇ ਸੁਖਵਿੰਦਰ ਸਿੰਘ, ਰਜਿੰਦਰ ਕੁਮਾਰ, ਅਰਵਿੰਦਰ ਸਿੰਘ, ਮਨੋਜ ਕੁਮਾਰ, ਰਮਨ ਕੁਮਾਰ, ਰਜਿੰਦਰ ਸਿੰਘ ਸਬ ਫਾਇਰ ਅਫ਼ਸਰ, ਅਮਰਜੀਤ ਸਿੰਘ, ਸ਼ਾਮ ਸੁੰਦਰ ਸਮੇਤ ਸਮੁੱਚਾ ਫਾਇਰ ਅਮਲਾ ਮੌਜੂਦ ਰਿਹਾ।