ਸਿਹਤ ਮੰਤਰੀ ਨੇ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕਰਦਿਆਂ ਸਿਹਤ ਸੇਵਾਵਾਂ ਤੇ ਪ੍ਰਬੰਧਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ

66

ਸਿਹਤ ਮੰਤਰੀ ਨੇ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕਰਦਿਆਂ ਸਿਹਤ ਸੇਵਾਵਾਂ ਤੇ ਪ੍ਰਬੰਧਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ

ਬਹਾਦਰਜੀਤ ਸਿੰਘ /ਰੂਪਨਗਰ, 31 ਜੁਲਾਈ,2025

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਰੂਪਨਗਰ ਦਾ ਅਚਾਨਕ ਦੌਰਾ ਕਰਦਿਆਂ ਮਰੀਜ਼ਾਂ ਨਾਲ ਰੂਬਰੂ ਹੋ ਕੇ ਇਲਾਜ ਸੰਬੰਧੀ ਹਾਲਾਤਾਂ ਦੀ ਪੜਤਾਲ ਕੀਤੀ ਤੇ ਹਸਪਤਾਲ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾ ਅਤੇ ਪ੍ਰਬੰਧਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ।

ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹਰ ਇੱਕ ਨਾਗਰਿਕ ਤੱਕ ਗੁਣਵੱਤਾਪੂਰਣ ਅਤੇ ਉਚਿਤ ਸਮੇਂ ‘ਤੇ ਸਿਹਤ ਸੇਵਾ ਪਹੁੰਚਾਉਣਾ ਹੈ ਤਾਂ ਜੋ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੇ ਤਹਿਤ ਸਰਕਾਰ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਮੁਫ਼ਤ ਟੈਸਟ ਦੇਣ ਦੀ ਪਾਲਿਸੀ ਬਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਦੇਣ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਕੋਈ ਵੀ ਕੋਤਾਹੀ ਜਾਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਐਮਰਜੈਂਸੀ ਸੇਵਾਵਾਂ ਦਾ ਨਿਰੀਖਣ ਕਰਦਿਆਂ ਐਮਰਜੈਂਸੀ ਵਿੱਚ ਮੌਜੂਦ ਮੈਡੀਕਲ ਉਪਕਰਨਾਂ, ਸਟਰੈਚਰ, ਆਕਸੀਜਨ ਸਿਲੰਡਰ, ਮੋਨੀਟਰਿੰਗ ਸਿਸਟਮ ਆਦਿ ਦੀ ਵੀ ਜਾਂਚ ਕੀਤੀ ਅਤੇ ਕਿਹਾ ਕਿ ਇਹ ਯਕੀਨੀ ਬਣਾਇਆ ਕਿ ਇਹ ਸਭ ਉਪਕਰਨ ਚੰਗੀ ਹਾਲਤ ਵਿੱਚ ਹਨ ਅਤੇ ਜਰੂਰਤ ਪੈਣ ‘ਤੇ ਤੁਰੰਤ ਵਰਤੇ ਜਾ ਸਕਣ।

ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਕਿਸੇ ਵੀ ਹਸਪਤਾਲ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਲਗਾਤਾਰ ਨਿਗਰਾਨੀ ਤੇ ਸੁਧਾਰ ਜ਼ਰੂਰੀ ਹੈ।

ਸਿਹਤ ਮੰਤਰੀ ਨੇ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕਰਦਿਆਂ ਸਿਹਤ ਸੇਵਾਵਾਂ ਤੇ ਪ੍ਰਬੰਧਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ

ਉਨ੍ਹਾਂ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਅਤੇ ਹਦਾਇਤ ਕਰਦਿਆਂ ਕਿਹਾ ਕਿ ਡਿਊਟੀ ਰੋਸਟਰ ਅਨੁਸਾਰ ਡਿਊਟੀ ਕਰਨੀ ਸੁਨਿਸ਼ਚਿਤ ਕੀਤੀ ਜਾਵੇ, ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ, ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਤੇ ਰਿਸ਼ਤੇਦਾਰਾਂ ਨਾਲ ਨਰਮੀ ਭਰਿਆ ਵਤੀਰਾ ਅਪਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਹਸਪਤਾਲ ਦੇ ਹਰ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।

ਉਨ੍ਹਾਂ ਕਿਹਾ ਕਿ ਡਾਕਟਰੀ ਪੇਸ਼ਾ ਇੱਕ ਬਹੁਤ ਹੀ ਸਤਿਕਾਰਤ ਅਤੇ ਸੇਵਾ ਭਾਵਨਾ ਵਾਲਾ ਕਿੱਤਾ ਹੈ ਅਤੇ ਹਸਪਤਾਲ ਦੇ ਸਮੂਹ ਸਟਾਫ਼ ਨੂੰ ਆਪਣੇ ਪੇਸ਼ੇ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਹਰ ਹੀਲੇ ਬਹਾਲ ਰੱਖਦੇ ਹੋਏ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਪਹੁੰਚੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ।