ਲੈਮਰਿਨ ਟੈੱਕ ਸਕਿੱਲਜ਼ ’ਵਰਸਿਟੀ ਦਾ ਵਿਵਾਦ ਗਰਮਾਇਆ
ਬਹਾਦਰਜੀਤ ਸਿੰਘ, ਰੂਪਨਗਰ, 9 ਜੁਲਾਈ,2025
ਇਲਾਕੇ ਦੀ ਵਿਿਦਅਕ ਸੰਸਥਾ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ,ਪੰਜਾਬ ਰੈਲਮਾਜਰਾ ਵਿੱਚ ਚਾਂਸਲਰ ਡਾ. ਸੰਦੀਪ ਕੌੜਾ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਵਿਵਾਦ ਦੇ ਚੱਲਦਿਆਂ ਯੂਨੀਵਰਸਿਟੀ ਦੇ ਬਾਹਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਯੂਨੀਵਰਸਿਟੀ ਅੰਦਰ ਜਾਣ ਲਈ ਆਏ ਡਾ. ਕੌੜਾ ਅਤੇ ਅਹੁਦੇ ਤੋਂ ਹਟਾਏ ਗਏ ਕੁੱਝ ਹੋਰ ਅਧਿਕਾਰੀਆਂ ਨੂੰ ਮੁੱਖ ਗੇਟ ’ਤੇ ਹੀ ਤਾਲਾ ਲਗਾ ਕੇ ਰੋਕ ਦਿੱਤਾ ਗਿਆ।ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਸੀ।
ਡਾ. ਸੰਦੀਪ ਕੌੜਾ ਜਦੋਂ ਹੋਰ ਬਰਖਾਸਤ ਅਧਿਕਾਰੀ ਜਦੋਂ ਮੁੱਖ ਗੇਟ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਯੂਨੀਵਰਸਿਟੀ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਗੇਟ ’ਤੇ ਮੌਜੂਦ ਕਰਮਚਾਰੀਆਂ ਨੇ ਡਾ. ਕੋੜਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਡਾ. ਕੌੜਾ ਨੇ ਉਨ੍ਹਾਂ ਵਿਰੱੁਧ ਕੀਤੀ ਗਈ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਜਦੋਂ ਉਹ ਬਾਹਰ ਗਏ ਹੋਏ ਸਨ ਤਾਂ ਇੱਕ ਤਰ੍ਹਾਂ ਨਾਲ ਯੂਨੀਵਰਸਿਟੀ ਵਿੱਚ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਥਿਤ ਤੌਰ ਤੇ ਨਿਰਮਲ ਸਿੰਘ ਰਿਆਤ ਦੇ ਹਸਤਾਖਰਾਂ ਹੇਠ ਇੱਕ ਜਨਤਕ ਨੋਟਿਸ ਵੀ ਵਿਖਾਇਆ,ਜਿਸ ਵਿੱਚ ਕਿਹਾ ਗਿਆ ਸੀ ਕਿ ਡਾ. ਕੌੜਾ ਹੀ ਯੂਨੀਵਰਸਿਟੀ ਦੇ ਚਾਂਸਲਰ ਹਨ।
ਡਾ. ਕੋੜਾ ਨੇ ਆਪਣੇ ਵਿਰੁੱਧ ਲਗਾਏ ਘਪਲੇਬਾਜੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਅੱਜ ਇਸ ਸਬੰਧੀ ਗੱਲਬਾਤ ਕਰਨ ਲਈ ਆਏ ਸਨ ਪ੍ਰੰਤੂ ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਅੰਦਰ ਨਹੀਂ ਜਾਣ ਦਿੱਤਾ ਗਿਆ।
ਉਨ੍ਹਾਂ ਕਿਹਾ ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ,ਜੋ ਕਿ ਯੂਨੀਵਰਸਿਟੀ ਚਲਾ ਰਿਹਾ ਹੈ, ਵਿੱਚ ਵਿੱਤੀ ਬੇਨਿਯਮੀਆਂ ਦੀ ਗੱਲ ਹੋ ਰਹੀ ਹੈ,ਜਿਸ ਦੇ ਪ੍ਰਧਾਨ ਨਿਰਮਲ ਸਿੰਘ ਰਿਆਤ ਅਤੇ ਟਰੱਸਟੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ।
ਉਨ੍ਹਾਂ ਸਰਕਾਰ ਤੋਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ I ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਨੇ ਅੱਜ ਮੀਟਿੰਗ ਕਰਕੇ ਉਨ੍ਹਾਂ(ਡਾ. ਕੌੜਾ) ਵਿਰੁੱਧ ਕੀਤੀ ਗਈ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਯੂਨੀਵਰਸਿਟੀ ਦੀ ਭਾਈਵਾਲ ਆਈ.ਬੀ.ਐਮ. ਕੰਪਨੀ ਨੇ ਯੂਨੀਵਰਸਿਟੀ ਨਾਲੋ ਨਾਤਾ ਤੋੜਣ ਦਾ ਫੈਸਲਾ ਕੀਤਾ ਹੈ,ਜਿਸ ਨਾਲ ਸੈਂਕੜੇ ਵਿਿਦਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਕੁੱਝ ਕਰਮਚਾਰੀਆਂ ਨੂੰ ਭੜਕਾ ਕੇ ਉਨ੍ਹਾਂ ਵਿਰੱੁਧ ਨਾਅਰੇਬਾਜੀ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਨਿਰਮਲ ਸਿੰਘ ਰਿਆਤ ਨੇ ਡਾ.ਕੌੜਾ ਦੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਵਿੱਤੀ ਬੇਨਿਯਮੀਆਂ ਸਬੰਧੀ ਸਪਸ਼ਟੀਕਰਨ ਦੇਣ ਲਈ ਡਾ. ਕੌੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਕਾਨੂੰਂਨ ਅਨੁਸਾਰ ਕੀਤੀ ਗਈ ਹੈ ਅਤੇ ਕਿਸੇ ਨੂੰ ਅਹੁਦੇ ਤੋਂ ਹਟਾਉਣ ਲਈ ਬੋਰਡ ਆਫ ਗਵਰਨਰਜ਼ ਦੀ ਸਹਿਮਤੀ ਜਰੂਰੀ ਨਹੀਂ ਹੈ।
ਉਨ੍ਹਾਂ ਇੱਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਵੱਲੋਂ ਡਾ. ਕੌੜਾ ਨੂੰ ਅਹੁਦੇ ਤੇ ਬਣੇ ਰਹਿਣ ਸਬੰਧੀ ਕੋਈ ਜਨਤਕ ਨੋਟਿਸ ਜਾਰੀ ਕੀਤਾ ਹੈ।