ਪਟਿਆਲਾ ਮੀਡੀਆ ਕਲੱਬ ’ਚ ਗੋਗੀਆ, ਕੋਹਲੀ ਤੇ ਜੱਗਾ ਦਾ ਰੂ ਬ ਰੂ ਪ੍ਰੋਗਰਾਮ; ਪਟਿਆਲਾ ’ਚ ਈ ਚਲਾਨ ਸਕੀਮ ਜਲਦ ਸ਼ੁਰੂ ਹੋਵੇਗੀ

142

ਪਟਿਆਲਾ ਮੀਡੀਆ ਕਲੱਬ ’ਚ ਗੋਗੀਆ, ਕੋਹਲੀ ਤੇ ਜੱਗਾ ਦਾ ਰੂ ਬ ਰੂ ਪ੍ਰੋਗਰਾਮ; ਪਟਿਆਲਾ ’ਚ ਈ ਚਲਾਨ ਸਕੀਮ ਜਲਦ ਸ਼ੁਰੂ ਹੋਵੇਗੀ

ਪਟਿਆਲਾ, 16 ਅਪ੍ਰੈਲ,2025:

ਪਟਿਆਲਾ ਮੀਡੀਆ ਕਲੱਬ ਵਿਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨਾਲ ਰੂ ਬ ਰੂ ਪ੍ਰੋਗਰਾਮ ਕਲੱਬ ਪ੍ਰਧਾਨ ਪਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿਚ ਸਵਾਲਾਂ ਦੇ ਜਵਾਬ ਦਿੰਦਿੰਆਂ ਮੇਅਰ ਗੋਗੀਆ, ਸੀਨੀਅਰ ਡਿਪਟੀ ਮੇਅਰ ਕੋਹਲੀ ਤੇ ਡਿਪਟੀ ਮੇਅਰ ਜੱਗਾ ਨੇ ਦੱਸਿਆ ਕਿ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਸੱਤ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਜਨਵਰੀ ਤੋਂ ਮਾਰਚ ਮਹੀਨੇ ਦੌਰਾਨ ਨਗਰ ਨਿਗਮ ਨੂੰ ਆਮਦਨ ਹੋਣੀ ਸ਼ੁਰੂ ਹੋਈ ਹੈ। ਉਹਨਾਂ ਦੱਸਿਆ  ਕਿ ਪ੍ਰਾਪਰਟੀ ਟੈਕਸ ਤੋਂ ਰਿਕਾਰਡ ਆਮਦਨ ਤੋਂ ਇਲਾਵਾ 6 ਸਾਲਾਂ ਮਗਰੋਂ ਏ ਸੀ ਮਾਰਕਿਟ ਦਾ ਸਾਈਕਲ ਸਟੈਂਡ ਦਾ ਠੇਕਾ 29.70 ਲੱਖ ਰੁਪਏ ਵਿਚ ਦਿੱਤਾ ਗਿਆ ਜਿਸ ਤੋਂ ਰੋਜ਼ਾਨਾ ਨਗਰ ਨਿਗਮ ਤੋਂ 8 ਹਜ਼ਾਰ ਰੁਪਏ ਦੀ ਆਮਦਨ ਹੋ ਰਹੀ ਹੈ। ਉਹਨਾਂ ਦੱਸਿਆ ਕਿ ਟੋਰੈਂਟ ਕੰਪਨੀ ਤੋਂ ਵੀ 1 ਕਰੋੜ 20 ਲੱਖ ਰੁਪਏ ਪ੍ਰਾਪਤ ਹੋ ਗਏ ਹਨ। ਇਸੇ ਤਰੀਕੇ ਯੂਨੀਪੋਲਾਂ ਤੇ ਟਾਵਰਾਂ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕੀਤੇ ਜਾਣ ਦੇ ਯਤਨ ਜਾਰੀ ਹਨ ਅਤੇ ਟਾਵਰਾਂ ਦੇ ਪੈਂਡਿੰਗ ਪਏ 2.38 ਕਰੋੜ ਰੁਪਏ ਉਗਰਾਹੇ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਸ਼ਹਿਰ ਵਿਚ ਇਸ ਵੇਲੇ ਐਲ ਐਂਡ ਟੀ ਦੇ 20 ਕਰੋੜ ਰੁਪਏ ਦੇ ਸੜਕ ਦੇ ਮੁਰੰਮਦ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ ਜਦੋਂ ਕਿ 30 ਕਰੋੜ ਰੁਪਏ ਹੋਰ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਏ ਹਨ ਜਿਹਨਾਂ ਦੇ ਐਸਟੀਮੇਟ ਬਣਵਾ ਕੇ ਇਹ ਪੈਸਾ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੀ ਵਾਰ ਮੁਲਾਜ਼ਮਾਂ ਨੂੰ 7 ਤਾਰੀਕ ਨੂੰ ਤਨਖਾਹਾਂ ਮਿਲ ਗਈਆਂ ਹਨ।

ਸਵਾਲਾਂ ਦੇ ਜਵਾਬ ਦਿੰਦਿਆਂ ਤਿੰਨਾਂ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੇ 173 ਸੀ ਸੀ ਟੀ ਵੀ ਕੈਮਰਿਆਂ ਵਿਚੋਂ 50 ਫੀਸਦੀ ਬੰਦ ਪਏ ਸਨ ਜੋ ਚਾਲੂ ਕਰਵਾ ਦਿੱਤੇ ਹਨ ਤੇ 40 ਹੋਰ ਨਵੇਂ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਲਦੀ ਹੀ ਪਟਿਆਲਾ ਵਿਚ ਈ ਚਲਾਨ ਦੀ ਸ਼ੁਰੂਆਤ ਵੀ ਹੋਵੇਗੀ।

ਡੇਅਰੀਆਂ ਦੀ ਸ਼ਿਫਟਿੰਗ ਬਾਰੇ ਸਵਾਲ ਦੇ ਜਵਾਬ ਵਿਚ ਮੇਅਰ ਗੋਗੀਆ ਨੇ ਦੱਸਿਆ ਕਿ ਬਰਸਾਤਾਂ ਸ਼ੁਰੂ ਹੋਣ ਨੂੰ ਦੋ ਮਹੀਨੇ ਰਹਿ ਗਏ ਹਨ ਤੇ ਅਸੀਂ ਪੁਰਜ਼ੋਰ ਕੋਸ਼ਿਸ਼ ਵਿਚ ਹਾਂ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਅਸੀਂ ਡੇਅਰੀਆਂ ਸ਼ਿਫਟ ਕਰਵਾ ਦੇਈਏ। ਇਸ ਵਾਸਤੇ ਅਸੀਂ ਲੋੜੀਂਦਾ ਹਰ ਕਦਮ ਚੁੱਕਾਂਗੇ।

ਉਹਨਾਂ ਇਹ ਵੀ ਦੱਸਿਆ ਕਿ ਸ਼ਹਿਰ ਦੀ ਰਾਜਿੰਦਰਾ ਝੀਲ ਦਾ ਸੁੰਦਰੀਕਰਨ ਕਰ ਕੇ ਇਸਨੂੰ ਸੈਲਾਨੀਆਂ ਲਈ ਖੋਲ੍ਹਣ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਵਿਭਾਗਾਂ ਦੀ ਤਾਲਮੇਲ ਮੀਟਿੰਗ ਸੱਦੀ ਜਾ ਰਹੀ ਹੈ।

ਪਟਿਆਲਾ ਮੀਡੀਆ ਕਲੱਬ ’ਚ ਗੋਗੀਆ, ਕੋਹਲੀ ਤੇ ਜੱਗਾ ਦਾ ਰੂ ਬ ਰੂ ਪ੍ਰੋਗਰਾਮ; ਪਟਿਆਲਾ ’ਚ ਈ ਚਲਾਨ ਸਕੀਮ ਜਲਦ ਸ਼ੁਰੂ ਹੋਵੇਗੀ

ਇਸ ਤੋਂ ਰੂ ਬ ਰੂ ਪ੍ਰੋਗਰਾਮ ਵਿਚ ਕਲੱਬ ਦੇ ਸਾਬਕਾ ਪ੍ਰਧਾਨ ਨਵਦੀਪ ਢੀਂਗਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ, ਸਕੱਤਰ ਜਨਰਲ ਖੁਸ਼ਵੀਰ ਤੂਰ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਗੁਰਪ੍ਰੀਤ ਸਿੰਘ ਚੱਠਾ ਨੇ ਮੰਗ ਪੱਤਰ ਪੇਸ਼ ਕੀਤਾ ਜਦੋਂ ਕਿ ਪ੍ਰਧਾਨ ਪਰਮੀਤ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਰਾਣਾ ਰਣਧੀਰ ਨੇ ਬਾਖੂਬੀ ਨਿਭਾਇਆ। ਕਲੱਬ ਮੈਂਬਰਾਂ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ ਗਿਆ।

ਸਮਾਗਮ ਵਿਚ ਰਵੇਲ ਸਿੰਘ ਭਿੰਡਰ, ਮੋਹਿਤ ਖੰਨਾ,ਰਾਣਾ ਰਣਧੀਰ, ਖੁਸ਼ਵੀਰ ਤੂਰ, ਕੁਲਵੀਰ ਧਾਲੀਵਾਲ, ਜਗਤਾਰ ਸਿੰਘ, ਸੁਰੇਸ਼ ਕਾਮਰਾ, ਗੁਰਵਿੰਦਰ ਸਿੰਘ ਔਲਖ, ਜਤਿੰਦਰ ਗਰੋਵਰ, ਕਮਲ ਦੂਆ, ਅਨੂ ਅਲਬਰਟ, ਸੁੰਦਰ ਸ਼ਰਮਾ,  ਹਰਮੀਤ ਸੋਢੀ, ਮੋਹਣ ਲਾਲ, ਸੁਖਵਿੰਦਰ ਸਿੰਘ ਸੁੱਖੀ, ਪ੍ਰੇਮ ਵਰਮਾ, ਰਾਣਾ ਰੱਖੜਾ, ਅਮਰਬੀਰ ਸਿੰਘ ਵਾਲੀਆ, ਪਰਮਜੀਤ ਪਰਵਾਨਾ,  ਕੰਵਰ ਇੰਦਰ ਸਿੰਘ, ਰਾਮ ਸਰੂਪ ਪੰਜੋਲਾ, ਨਰਿੰਦਰ ਬਠੋਈ, ਪਰਗਟ ਸਿੰਘ, ਪਰਮਿੰਦਰ ਸਿੰਘ ਰਾਏਪੁਰ, ਪਰਮਜੀਤ ਸਿੰਘ ਲਾਲੀ, ਰਵੀ ਜੱਬਲ, ਬਲਵੰਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।