ਵੋਟਾਂ ਮੰਗਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੱਸਣ ਗਾਂਧੀ ਪਰਿਵਾਰ ਨੇ ਅਪਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਦੀ ਮੁਆਫੀ ਹੁਣ ਤੱਕ ਕਿਉਂ ਨਹੀਂ ਮੰਗੀ: ਐਨ ਕੇ ਸ਼ਰਮਾ
ਪਟਿਆਲਾ, 26 ਮਈ,2024:
ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪੰਜਾਬੀਆਂ ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਇਹ ਦੱਸਣ ਕਿ ਹੁਣ ਤੱਕ ਗਾਂਧੀ ਪਰਿਵਾਰ ਨੇ ਅਪਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਦੀ ਮੁਆਫੀ ਕਿਉਂ ਨਹੀਂ ਮੰਗੀ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਕਿਸ ਬੇਸ਼ਰਮੀ ਨਾਲ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੇਸ਼ ਵਿਚ ਚਲ ਰਹੀਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ’ਤੇ ਪੰਜਾਬ ਵਿਚ ਪੰਜਾਬੀਆਂ ਦੀਆਂ ਵੋਟਾਂ ਮੰਗਣ ਪਹੁੰਚੇ ਹਨ। ਉਹਨਾਂ ਕਿਹਾ ਕਿ ਅੱਜ ਤੱਕ ਗਾਂਧੀ ਪਰਿਵਾਰ ਨੇ ਨਾ ਹੀ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਮੁਆਫੀ ਮੰਗੀ ਹੈ ਤੇ ਨਾ ਹੀ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਮਾਸੂਮ ਤੇ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਮੁਆਫੀ ਮੰਗੀ ਹੈ।
ਉਹਨਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਚਾਹੀਦਾ ਸੀ ਕਿ ਪੰਜਾਬ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਕੇ ਪੰਜਾਬੀਆਂ ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੁੰਦੇ ਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਕੋਲੋਂ ਉਹਨਾਂ ਦੀ ਦਾਦੀ ਵੱਲੋਂ ਕੀਤੇ ਬਜ਼ਰ ਗੁਨਾਹ ਦੀ ਮੁਆਫੀ ਮੰਗਦੇ।
ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਦੋਵਾਂ ਭੈਣ ਭਰਾਵਾਂ ਨੇ ਕਾਂਗਰਸ ਦੇ ਰਵਾਇਤੀ ਤਰੀਕੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਦਾ ਰਾਹ ਚੁਣਿਆ ਤੇ ਅੱਜ ਪੰਜਾਬ ਵਿਚ ਝੂਠਾ ਚੋਣ ਪ੍ਰਚਾਰ ਕਰ ਰਹੇ ਹਨ ਕਿ ਔਰਤਾਂ ਨੂੰ ਇਕ-ਇਕ ਲੱਖ ਰੁਪਏ ਸਾਲ ਦਾ ਮਿਲੇਗਾ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਉਹਨਾਂ ਸਵਾਲ ਕੀਤਾ ਕਿ ਪੰਜਾਬ ਵਿਚ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਰਹੀ, ਉਸ ਵੇਲੇ ਤਾਂ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕਰ ਕੇ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਤੇ ਔਰਤਾਂ ਨੂੰ ਦੇਣਾ ਤਾਂ ਕੀ ਸੀ ਸਗੋਂ ਗਰੀਬ ਧੀਆਂ ਲਈ ਚਲਦੀ ਸ਼ਗਨ ਸਕੀਮ ਵੀ ਬੰਦ ਕਰ ਦਿੱਤੀ।
ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਖਾਸ ਤੌਰ ’ਤੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੰਜਾਬੀਆਂ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। ਪੰਜਾਬੀ ਆਪਣਾ ਮਨ ਬਣਾ ਚੁੱਕੇ ਹਨ ਕਿ ਉਹ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਵੋਟਾਂ ਪਾਉਣਗੇ।