ਹੋਲੇ-ਮਹੱਲੇ ਮੌਕੇ ਉਘੇ ਸਿੱਖ ਵਿਦਵਾਨ ਪ੍ਰੋ. ਪਰਮਵੀਰ ਸਿੰਘ ਨੂੰ ਨਵਾਬ ਕਪੂਰ ਸਿੰਘ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
ਸ੍ਰੀ ਅਨੰਦਪੁਰ ਸਾਹਿਬ /ਮਾਰਚ 26,2024
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਹੋਲੇ-ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬੀ ਯੂਨਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਚ ਮੁੱਖ ਸੰਪਾਦਕ ਵਜੋਂ ਕਾਰਜ ਕਰ ਰਹੇ ਉੱਘੇ ਸਿੱਖ ਵਿਦਵਾਨ ਡਾ. ਪਰਮਵੀਰ ਸਿੰਘ ਨੂੰ ਉਹਨਾਂ ਦੀਆਂ ਅਕਾਦਮਿਕ ਪ੍ਰਾਪਤੀਆਂ, ਖੋਜ ਭਰਪੂਰ ਸਿੱਖ ਲਿਖਤਾਂ ਅਤੇ ਪੰਥਕ ਸੇਵਾਵਾਂ ਲਈ ‘ਨਵਾਬ ਕਪੂਰ ਸਿੰਘ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਡਾ. ਪਰਮਵੀਰ ਸਿੰਘ ਨੇ ਹੁਣ ਤਕ 20 ਦੇ ਕਰੀਬ ਖੋਜ ਅਤੇ ਸਰੋਤ ਪੁਸਤਕਾਂ ਲਿਖ ਚੁੱਕੇ ਹਨ, ਜਿਵੇਂ ਕਿ ਗੁਰੂ ਤੇਗ ਬਹਾਦਰ ਜੀ : ਜੀਵਨ ਮਹਿਮਾ ਅਤੇ ਚਰਨ ਛੋਹ ਅਸਥਾਨ, ਮਾਤਾ ਸੁੰਦਰੀ ਜੀ, ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ, ਗੁਰੂ ਤੇਗ ਬਹਾਦਰ ਜੀ ਗੁਰਮੁਖੀ ਸਰੋਤ ਪੁਸਤਕ, ਭਾਈ ਵੀਰ ਸਿੰਘ ਜੀ : ਅਪ੍ਰਕਾਸ਼ਿਤ ਪੱਤਰ ਆਦਿ।
ਇਸ ਤੋਂ ਇਲਾਵਾ ਉਹਨਾਂ ਦੇ ਸੈਂਕੜੇ ਖੋਜ ਪੇਪਰ ਵੱਖ ਵੱਖ ਮੈਗਜੀਨਾਂ, ਖੋਜ ਪੱਤਰਾਂ ਅਤੇ ਸੰਪਾਦਿਤ ਪੁਸਤਕਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਗੁਰਦੁਆਰਿਆਂ ਬਾਰੇ ਵਿਸ਼ੇਸ਼ ਕਾਰਜ ਕਰਕੇ ਉਹਨਾਂ ਨੇ ਸਿੱਖ ਪੰਥ ਲਈ ਮਾਣਮੱਤਾ ਕਾਰਜ ਕੀਤਾ ਹੈ।
ਹੋਲੇ-ਮਹੱਲੇ ਮੌਕੇ ਉਘੇ ਸਿੱਖ ਵਿਦਵਾਨ ਪ੍ਰੋ. ਪਰਮਵੀਰ ਸਿੰਘ ਨੂੰ ਨਵਾਬ ਕਪੂਰ ਸਿੰਘ ਐਵਾਰਡ ਨਾਲ ਕੀਤਾ ਗਿਆ ਸਨਮਾਨਿਤI ਇਸ ਮੌਕੇ ਇਹ ਸਨਮਾਨ ਮਿਲਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਸਿੱਖ ਅਕਾਦਮਿਕ ਵਿੱਚ ਕੀਤੀ ਗਈ ਤਿਲ-ਫੁਲ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ ਵਲੋਂ ਜੋ ਸਨਮਾਨ ਬਖਸ਼ਿਆ ਗਿਆ ਹੈ ਇਸ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।
ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਧਰਮ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਕਸ਼ਮੀਰ ਸਿੰਘ, ਡਾ. ਕੁਲਵਿੰਦਰ ਸਿੰਘ ਅਤੇ ਨਿਹੰਗ ਸਿੰਘ ਸੰਦੇਸ਼ ਰਸਾਲੇ ਦੇ ਸੰਪਾਦਕ ਦਲਜੀਤ ਸਿੰਘ ਬੇਦੀ ਹਾਜ਼ਰ ਸਨ।