ਪੰਜਾਬ ਸਰਕਾਰ ਕੇਂਦਰੀ ਟੀਮ ਅੱਗੇ ਹੜ੍ਹਾਂ ਦੇ ਖਰਾਬੇ ਲਈ ਠੋਸ ਸੁਝਾਅ ਦੇਣ ‘ਚ ਅਸਫ਼ਲ:- ਪ੍ਰੋ. ਚੰਦੂਮਾਜਰਾ
ਬਹਾਦਰਜੀਤ ਸਿੰਘ / ਰੂਪਨਗਰ ,12 ਅਗਸਤ 2023
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਈ ਕੇਂਦਰੀ ਟੀਮ ਅੱਗੇ ਸੂਬੇ ਦਾ ਠੋਸ ਪੱਖ ਰੱਖਣ ਅਤੇ ਸੁਝਾਅ ਦੇਣ ਵਿਚ ਅਸਫ਼ਲ ਰਹੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੇਂਦਰ ਦੀ ਟੀਮ ਅੱਗੇ ਭਵਿੱਖ ਵਿੱਚ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਤੇ ਸਥਾਈ ਯੋਜਨਾ ਉਲੀਕਣ ਸੰਬੰਧੀ ਕੋਈ ਵੀ ਚਰਚਾ ਨਹੀਂ ਕੀਤੀ ਗਈ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਜਿਸ ਸੂਬੇ ਵਿੱਚ ਹੜ੍ਹਾਂ ਨੇ ਇੰਨੀ ਭਿਆਨਕ ਤਬਾਹੀ ਮਚਾਈ ਹੋਵੇ ਓਥੇ ਕੇਂਦਰੀ ਟੀਮ ਸਭ ਤੋਂ ਬਾਅਦ ਵਿਚ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਟੀਮ ਦਾ ਦੇਰੀ ਨਾਲ ਪਹੁੰਚਣ ਪਿੱਛੇ ਪੰਜਾਬ ਸਰਕਾਰ ਦੀ ਵੱਡੀ ਲਾਪਰਵਾਹੀ ਅਤੇ ਹਉਮੈ ਦਾ ਸਿੱਟਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਆਪਣੀ ਜਿੱਦ ਤੇ ਅੜੇ ਰਹਿਣਾ ਅਤੇ ਕੇਂਦਰੀ ਟੀਮ ਦੀ ਮੰਗ ਨਾ ਕਰਨਾ ਵੱਡੀ ਭੁੱਲ ਸੀ
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਕੇਂਦਰੀ ਟੀਮ ਅੱਗੇ ਘੱਗਰ ਅਤੇ ਸਵਾਂ ਵਰਗੀਆਂ ਨਦੀਆਂ ਅਤੇ ਦਰਿਆਵਾਂ ਨੂੰ ਚੈਨੇਲਾਈਜ ਕਰਨ ਦੀ ਮੰਗ ਉਠਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਇਹਨਾਂ ਪ੍ਰੋਜੈਕਟਾਂ ਬਾਰੇ ਲੋਕ ਸਭਾ ਅੰਦਰ ਚਰਚਾ ਕਰ ਚੁੱਕੀ ਹੈ, ਲੋੜ ਹੈ ਇਨ੍ਹਾਂ ਨੂੰ ਮਨਜੂਰ ਕਰਵਾ ਕੇ ਕੰਮ ਕਰਨਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਟੀਮ ਅੱਗੇ ਹਰਿਆਣਾ ਸਰਕਾਰ ਵੱਲੋਂ ਸੀ.ਡਬਲਿਊ.ਸੀ. ( CWC ) ਵਿੱਚ ਅਰਜ਼ੀ ਪਾਕੇ ਘੱਗਰ ਨੂੰ ਚੈਨੇਲਾਈਜ਼ ਨਾ ਕਰਨ ਵਾਲੀ ਮਿਲੀ ਸਟੇਅ ਦਾ ਵਿਰੋਧ ਕਰਨਾ ਚਾਹੀਦਾ ਸੀ। ਉਨ੍ਹਾਂ ਆਖਿਆ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਐਲਾਨ ਹੋਏ 136 ਕਰੋੜ ਰੁਪਏ ਮਨਜ਼ੂਰ ਕਰਵਾ ਕੇ ਰਹਿੰਦੇ ਘੱਗਰ ਨੂੰ ਮਕ੍ਰੋੜ ਸਾਹਿਬ ਤੋਂ ਅੱਗੇ ਚੈਨੇਲਾਈਜ ਕਰਵਾਉਣ ਦਾ ਪ੍ਰੋਜੈਕਟ ਮੁਕੰਮਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਹਿਮਾਚਲ ਤੋਂ ਬਾਅਦ ਪੰਜਾਬ ਵਿੱਚ ਲੰਘਣ ਵਾਲੀ ਸਵਾਂ ਨਦੀ ਨੂੰ ਚੈਨੇਲਾਈਜ ਕਰਨਾ ਚਾਹੀਦਾ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਨਦੀਆਂ ਤੇ ਬਣੇ ਚੈੱਕ ਡੈਮ ਅਤੇ ਦਰਿਆਵਾਂ ਤੇ ਬਣੇ ਡੈਮਾਂ ਵਿੱਚੋਂ ਗਾਰ ਕੱਢਵਾ ਕੇ ਸਫਾਈ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਖਾਦ ਦੀ ਕਿੱਲਤ ਆਉਣ ਕਰਕੇ, ਪ੍ਰਾਈਵੇਟ ਦੁਕਾਨਦਾਰ ਮਹਿੰਗੇ ਰੇਟਾਂ ਅਤੇ ਖਾਦ ਨਾਲ ਬੇਲੋੜ੍ਹੀਆਂ ਦਵਾਈਆਂ ਮੜ੍ਹ ਕੇ ਕਿਸਾਨਾਂ ਦੀ ਸ਼ਰੇਆਮ ਲੁੱਟ ਮਚਾ ਰਹੇ ਹਨ, ਪਰ ਸੂਬਾ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੁਦਰਤੀ ਕਰੋਪੀ ਝੱਲ ਰਹੇ ਕਿਸਾਨਾਂ ਲਈ ਇਹ ਦੋਹਰੀ ਮਾਰ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਰਕਾਰ ਤੁਰੰਤ ਸਹਿਕਾਰੀ ਸਭਾਵਾਂ ਵਿੱਚ ਖਾਦ ਦਾ ਪ੍ਰਬੰਧ ਕਰੇ।
ਪੰਜਾਬ ਸਰਕਾਰ ਕੇਂਦਰੀ ਟੀਮ ਅੱਗੇ ਹੜ੍ਹਾਂ ਦੇ ਖਰਾਬੇ ਲਈ ਠੋਸ ਸੁਝਾਅ ਦੇਣ ‘ਚ ਅਸਫ਼ਲ:- ਪ੍ਰੋ. ਚੰਦੂਮਾਜਰਾI ਇਸ ਸਮੇਂ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸਿਮਰਨਜੀਤ ਸਿੰਘ ਚੰਦੂਮਾਜਰਾ, ਸੁਰਿੰਦਰ ਸਿੰਘ, ਗੁਰਚਰਨ ਚੇਚੀ ਮੌਜੂਦ ਸਨ।