ਰੂਪਨਗਰ ਪੁਲਿਸ ਨੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਦੀ ਵੱਡੀ ਘਟਨਾ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

270

ਰੂਪਨਗਰ ਪੁਲਿਸ ਨੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਦੀ ਵੱਡੀ ਘਟਨਾ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਬਹਾਦਰਜੀਤ ਸਿੰਘ /ਰੂਪਨਗਰ, 12 ਸਤੰਬਰ,2024   

ਰੂਪਨਗਰ ਪੁਲਿਸ ਨੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਮੋਬਾਇਲ ਦੀ ਦੁਕਾਨ ਉਤੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਕਰਨ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਹੱਲ ਕਰ ਦਿੱਤਾ।

ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਆਈ.ਪੀ.ਐਸ.  ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 24 ਅਗਸਤ, 2024 ਦੀ ਰਾਤ ਨੂੰ ਅਣਜਾਣ ਵਿਅਕਤੀਆਂ ਵਲੋਂ ਰੂਪਨਗਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਹੀਤਾਂਸ਼ੀ ਮੋਬਾਇਲ ਕੇਅਰ ਦੀ ਦੁਕਾਨ ਦੇ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਮੋਬਾਇਲ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ।

ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ 2 ਵਿਅਕਤੀਆਂ ਵਲੋਂ ਦੁਕਾਨ ਵਿਚੋਂ 42 ਨਵੇਂ ਮੋਬਾਇਲ ਅਤੇ 95 ਪੁਰਾਣੇ ਮੋਬਾਇਲ ਚੋਰੀ ਕੀਤੇ ਗਏ ਸਨ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਲੋਂ 1 ਲੈਪਟਾਪ ਵੀ ਦੁਕਾਨ ਵਿਚੋਂ ਚੋਰੀ ਕੀਤਾ ਗਿਆ ਜਿਸ ਦਾ ਪਤਾ ਦੁਕਾਨਦਾਰ ਨੂੰ ਅਗਲੀ ਸਵੇਰ ਨੂੰ ਲੱਗਿਆ।

ਸੀਨੀਅਰ ਕਪਤਾਨ ਪੁਲਿਸ ਨੇ ਕਿਹਾ ਕਿ ਰੂਪਨਗਰ ਸ਼ਹਿਰ ਦੀ ਇਸ ਵੱਡੀ ਚੋਰੀ ਦੀ ਘਟਨਾ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ (ਇੰਵੈ.) ਰੂਪਨਗਰ ਰੁਪਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ, ਜੋ ਮੁਕਦਮਾ ਦੀ ਤਫਤੀਸ਼ ਦੌਰਾਨ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਪਨਗਰ ਹਰਪਿੰਦਰ ਕੌਰ ਗਿੱਲ ਦੀ ਨਿਗਰਾਨੀ ਹੇਠ ਇੰਸਪੈਕਟਰ ਪਵਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਦੀ ਅਗਵਾਈ ਤਹਿਤ ਥਾਣਾ ਸਿਟੀ ਰੂਪਨਗਰ ਪੁਲਿਸ ਵਲੋਂ ਤਕਨੀਕੀ ਢੰਗ ਨਾਲ ਇਸ ਵੱਡੀ ਚੋਰੀ ਦੀ ਘਟਨਾ ਦੀ ਪੜਤਾਲ ਕੀਤੀ ਗਈ।

ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਕਿਹਾ ਕਿ ਪੁਲਿਸ ਟੀਮ ਵਲੋਂ ਡੂੰਘਾਈ ਨਾਲ ਕੀਤੀ ਪੜਤਾਲ ਨਾਲ ਦੋਸ਼ੀਆਨ ਰਜਿੰਦਰ ਸਿੰਘ ਉਰਫ ਰਾਜੂ ਅਤੇ ਕਰਨਜੀਤ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਜਿਲਾ ਰੂਪਨਗਰ ਨੂੰ ਗ੍ਰਿਫਤਾਰ ਕਰਕੇ ਇੰਨਾ ਪਾਸੋ ਚੋਰੀ ਦੀ ਵਾਰਦਾਤ ਲਈ ਵਰਤਿਆ ਮੋਟਰਸਾਇਕਲ ਦੇ ਨਾਲ ਚੋਰੀ ਦਾ ਸਮਾਨ ਜਿਸ ਵਿਚ 42 ਨਵੇਂ ਮੋਬਾਇਲ, 94 ਪੁਰਾਣੇ ਮੋਬਾਇਲ, 1 ਲੈਪਟਾਪ, 1 ਆਈ.ਟਵੰਟੀ ਕਾਰ, ਇੱਕ ਹਾਈਡ੍ਰੋਲਿਕ ਕਟਰ, ਇੱਕ ਪਲਾਜ਼ਮਾ ਕਟਰ, ਇੱਕ ਦੇਸੀ ਕੱਟਾ 32 ਬੋਰ ਸਮੇਤ 6 ਜ਼ਿੰਦਾ ਰੋਂਦ ਅਤੇ ਇੱਕ ਦਾਤਰ ਬ੍ਰਾਮਦ ਕੀਤਾ ਗਿਆ।

ਰੂਪਨਗਰ ਪੁਲਿਸ ਨੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਦੀ ਵੱਡੀ ਘਟਨਾ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਚੋਰੀ ਦੀ ਇਤਲਾਹ ਮਿਲਣ ਉਤੇ ਮੁਕੱਦਮਾ ਨੰਬਰ 172 ਮਿਤੀ 25 ਅਗਸਤ 2024 ਅ/ਧ 305, 331(4) ਬੀਐਨਐੱਸ ਥਾਣਾ ਨਾਂ ਸਿਟੀ ਰੂਪਨਗਰ ਬਰਖਿਲਾਫ ਨਾਂ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿੰਨ੍ਹਾ ਪਾਸੋ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਜੋ ਵੀ ਵੱਡਾ/ਛੋਟਾ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਰੂਪਨਗਰ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਇਫਾਜ਼ਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧਤਾ ਦੇ ਨਾਲ ਜ਼ਿੰਮੇਵਾਰੀ ਨੂੰ ਨਿਭਾਉਂਦੀ ਰਹੇਗੀ।