ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ” ਰੂਪਨਗਰ ਜ਼ਿਲ੍ਹੇ ‘ਚ ਸਿਹਤ ਸੇਵਾ ਦੀ ਨਵੀਂ ਰੌਸ਼ਨੀ ਬਣੇਗਾਃਬਾਬਾ ਪਰਮਜੀਤ ਸਿੰਘ ਰੋਲੂਮਾਜਰਾ
ਬਹਾਦਰਜੀਤ ਸਿੰਘ/ royalpatiala.in News/ ਨੂਰਪੁਰਬੇਦੀ, 13 ਨਵੰਬਰ,2025
“ਇਨਸਾਨੀਅਤ ਪਹਿਲਾ” ਦੇ ਮੁੱਖ ਦਫ਼ਤਰ ਇੰਚਾਰਜ ਬਾਬਾ ਪਰਮਜੀਤ ਸਿੰਘ ਰੋਲੂਮਾਜਰਾ ਨੇ ਕਿਹਾ ਕਿ ਪਿੰਡ ਡੂਮੇਵਾਲ ਵਿੱਚ ਇਕਬਾਲ ਸਿੰਘ ਲਾਲਪੁਰਾ, ਡਾ. ਕੁਲਵੰਤ ਸਿੰਘ ਧਾਲੀਵਾਲ ਅਤੇ ਅਜੈਵੀਰ ਸਿੰਘ ਲਾਲਪੁਰਾ ਦੇ ਸਾਂਝੇ ਉਦਮ ਨਾਲ ਤਿਆਰ ਕੀਤਾ ਗਿਆ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ” ਪਿੰਡ ਪੱਧਰ ‘ਤੇ ਮਿਆਰੀ ਤੇ ਸਸਤੀ ਸਿਹਤ ਸੇਵਾਵਾਂ ਉਪਲਬਧ ਕਰਾਉਣ ਵੱਲ ਇਕ ਇਤਿਹਾਸਕ ਕਦਮ ਹੈ। ਇਹ ਹਸਪਤਾਲ ਆਪਣੀ ਕਿਸਮ ਦਾ ਵਿਲੱਖਣ ਪ੍ਰੋਜੈਕਟ ਹੈ, ਜਿੱਥੇ ਇਲਾਕੇ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਹੁਣ ਆਪਣੇ ਹੀ ਇਲਾਕੇ ਵਿੱਚ ਮਿਲਣਗੀਆਂ। ਬਾਬਾ ਪਰਮਜੀਤ ਸਿੰਘ ਰੋਲੂਮਾਜਰਾ ਨੇ ਦੱਸਿਆ ਕਿ 22 ਨਵੰਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ ਦਾ ਸ਼ਾਨਦਾਰ ਉਦਘਾਟਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਲਾਕਾ ਵਾਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਸੇਵਾ ਯਤਨ ਦਾ ਹਿੱਸਾ ਬਣਨ।
ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿੱਚ 125 ਬੈੱਡਾਂ ਦੀ ਸਮਰੱਥਾ ਹੈ ਅਤੇ ਇਹ ਪ੍ਰੋਜੈਕਟ ਆਪਣੇ ਪਹਿਲੇ ਪੜਾਅ ਵਿੱਚ ਹੈ। ਜਲਦੀ ਹੀ ਇਸ ਦੀਆਂ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ, ਤਾਂ ਜੋ ਆਸ-ਪਾਸ ਦੇ ਪਿੰਡਾਂ ਨੂੰ ਵੀ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਹਸਪਤਾਲ “ਇੰਸਾਨੀਅਤ ਪਹਿਲਾ” ਦੇ ਉਸ ਮਕਸਦ ਨੂੰ ਸਾਕਾਰ ਕਰਦਾ ਹੈ ਜਿਸ ਦੇ ਤਹਿਤ ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਭਲਾਈ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੰਸਾਨੀਅਤ ਪਹਿਲਾ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲਗਭਗ 100 ਤੋਂ ਵੱਧ ਮੁਫ਼ਤ ਸਿਹਤ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਅਤੇ ਉੱਚ ਪੱਧਰੀ ਸਲਾਹ ਦੀ ਸਹੂਲਤ ਦਿੱਤੀ ਗਈ। ਇਨ੍ਹਾਂ ਕੈਂਪਾਂ ਰਾਹੀਂ ਕਈ ਲੋਕਾਂ ਨੂੰ ਸਮੇਂ ‘ਤੇ ਬਿਮਾਰੀ ਦੀ ਪਛਾਣ ਅਤੇ ਇਲਾਜ ਦਾ ਮੌਕਾ ਮਿਲਿਆ।

ਬਾਬਾ ਪਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ, ਕੈਂਸਰ ਜਾਂਚ ਕੇਂਦਰ, ਅਤੇ ਡਾਇਗਨੋਸਟਿਕ ਲੈਬ ਵਰਗੀਆਂ ਉੱਚ ਪੱਧਰੀ ਸਹੂਲਤਾਂ ਉਪਲਬਧ ਹੋਣਗੀਆਂ। ਇਹ ਸਭ ਕੁਝ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਦੇ ਅਟੱਲ ਯਤਨਾਂ ਅਤੇ ਦੂਰਦਰਸ਼ੀ ਸੋਚ ਨਾਲ ਸੰਭਵ ਹੋਇਆ ਹੈ।
ਬਾਬਾ ਪਰਮਜੀਤ ਸਿੰਘ ਰੋਲੂਮਾਜਰਾ ਨੇ ਵਰਲਡ ਕੈਂਸਰ ਕੇਅਰ ਦੇ ਡਾ. ਧਰਮਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਹਸਪਤਾਲ ਦੀ ਸਥਾਪਨਾ ਅਤੇ ਸਿਹਤ ਸੇਵਾਵਾਂ ਨੂੰ ਹਕੀਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਸੇਵਾ, ਸਮਰਪਣ ਅਤੇ ਸਮਾਜ ਦੇ ਸਿਹਤ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ।”












