“ਹਰ ਘਰ ਤਿਰੰਗਾ” ਮੁਹਿੰਮ ਤਹਿਤ ਭਾਜਪਾ ਨੇਤਾ ਅਜੈਵੀਰ ਸਿੰਘ ਲਾਲਪੁਰਾ ਨੇ ਸ਼ਹੀਦ ਸਰਬਜੀਤ ਸਿੰਘ ਦੇ ਮਾਤਾ-ਪਿਤਾ ਨੂੰ ਕੀਤਾ ਸਨਮਾਨਿਤ, ਪ੍ਰਤਿਮਾ ’ਤੇ ਭੇਂਟ ਕੀਤੇ ਫੁੱਲ
ਬਹਾਦਰਜੀਤ ਸਿੰਘ /ਰੂਪਨਗਰ, 12 ਅਗਸਤ,2025
ਆਜ਼ਾਦੀ ਦਿਵਸ (15 ਅਗਸਤ) ਨੂੰ ਸਮਰਪਿਤ ਭਾਜਪਾ ਵੱਲੋਂ ਚਲਾਈ ਜਾ ਰਹੀ ਕੌਮੀ ਮੁਹਿੰਮ “ਹਰ ਘਰ ਤਿਰੰਗਾ” ਦੇ ਤਹਿਤ ਅੱਜ ਭਾਰਤੀ ਫ਼ੌਜ ਦੇ ਵੀਰ ਯੋਧਾ ਸ਼ਹੀਦ ਸਰਬਜੀਤ ਸਿੰਘ (ਸਵੀਟੀ) ਦੇ ਨਿਵਾਸ ’ਤੇ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸ਼ਹੀਦ ਦੇ ਮਾਤਾ-ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਮੋਹਿੰਦਰ ਕੌਰ ਨੂੰ ਸਨਮਾਨਿਤ ਕਰਦਿਆਂ ਉਹਨਾਂ ਦੇ ਅਡਿੱਗ ਸਾਹਸ ਅਤੇ ਦੇਸ਼ਭਗਤੀ ਨੂੰ ਨਮਨ ਕੀਤਾ। ਭਾਜਪਾ ਕਾਰਕੁਨਾਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਹੀਦ ਦੀ ਪ੍ਰਤਿਮਾ ’ਤੇ ਫੁੱਲ ਅਰਪਣ ਕੀਤੇ।
ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸ਼ਹੀਦ ਨੂੰ ਸ਼ਰਧਾ ਸਹਿਤ ਯਾਦ ਕਰਦੇ ਹੋਏ ਕਿਹਾ ਕਿ ਸ਼ਹੀਦ ਸਰਬਜੀਤ ਸਿੰਘ ਵਰਗੇ ਵੀਰਾਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਮਾਣ ਨਾਲ ਸਾਹ ਲੈ ਰਹੇ ਹਾਂ। ਉਨ੍ਹਾਂ ਦੀ ਸ਼ਹਾਦਤ ਦੇਸ਼ ਦੇ ਹਰੇਕ ਨਾਗਰਿਕ ਲਈ ਪ੍ਰੇਰਣਾ ਸਰੋਤ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਦੇਸ਼ ਦੀ ਸੇਵਾ ਅਤੇ ਸਮਾਜ ਦੇ ਉੱਨਤੀ ਲਈ ਹਮੇਸ਼ਾ ਸਮਰਪਿਤ ਰਹੀਏ। ਭਾਜਪਾ ਦਾ ਹਰੇਕ ਕਾਰਕੁਨ ਇਸ ਗੱਲ ਲਈ ਵਚਨਬੱਧ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਕੋਈ ਕਮੀ ਨਾ ਰਹੇ।” ਉਹਨਾਂ ਅੱਗੇ ਕਿਹਾ ਕਿ “ਹਰ ਘਰ ਤਿਰੰਗਾ” ਮੁਹਿੰਮ ਸਿਰਫ਼ ਝੰਡਾ ਲਹਿਰਾਉਣ ਦਾ ਕਾਰਜਕ੍ਰਮ ਨਹੀਂ, ਸਗੋਂ ਉਹਨਾਂ ਵੀਰਾਂ ਪ੍ਰਤੀ ਆਭਾਰ ਅਤੇ ਸਨਮਾਨ ਦਾ ਸੰਕਲਪ ਹੈ, ਜਿਨ੍ਹਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਲਈ ਨਿਓਛਾਵਰ ਕਰ ਦਿੱਤਾ।”
ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰ ਸਾਡੇ ਸਮਾਜ ਦਾ ਮਾਣ ਹਨ ਅਤੇ ਸਾਡੇ ਸਾਰੇ ਦਾ ਨੈਤਿਕ ਫਰਜ ਹੈ ਕਿ ਅਸੀਂ ਉਹਨਾਂ ਦੇ ਤਿਆਗ ਨੂੰ ਕਦੇ ਨਾ ਭੁੱਲੀਏ।
ਸ਼ਹੀਦ ਦੇ ਮਾਤਾ-ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਮੋਹਿੰਦਰ ਕੌਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ, ਜੇਕਰ ਦੇਸ਼ ਦੇ ਲੋਕ ਏਕਤਾ, ਭਰਾਤਰੀਭਾਵ ਅਤੇ ਦੇਸ਼ਭਗਤੀ ਦੀ ਰਾਹ ’ਤੇ ਤੁਰਦੇ ਰਹਿਣ।
ਪੂਰੇ ਸਮਾਗਮ ਦੌਰਾਨ ਦੇਸ਼ਭਗਤੀ ਦੇ ਨਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ — “ਭਾਰਤ ਮਾਤਾ ਕੀ ਜੈ”, “ਵੰਦੇ ਮਾਤਰਮ” ਅਤੇ “ਸ਼ਹੀਦ ਅਮਰ ਰਹੇ” ਦੀਆਂ ਗੂੰਜਾਂ ਲਗਾਤਾਰ ਸੁਣਾਈ ਦਿੰਦੀਆਂ ਰਹੀਆਂ।
ਅੰਤ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਾਰੇ ਕਾਰਕੁਨਾਂ ਅਤੇ ਸਥਾਨਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਸਥਾਨਾਂ ’ਤੇ ਤਿਰੰਗਾ ਜ਼ਰੂਰ ਲਹਿਰਾਉਣ ਅਤੇ ਇਸ ਮੌਕੇ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਕਰਨ।
ਇਸ ਮੌਕੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਹਿੰਮਤ ਸਿੰਘ ਗੀਰਨ, ਜੀਵਤ ਜੈਨ, ਕੇਹਰ ਸਿੰਘ, ਜਗਜੀਤ ਸਿੰਘ, ਸੰਜੇ ਪ੍ਰਤਾਪ ਜੈਨ, ਵਿਜੇ ਸੈਣੀ, ਦਰਸ਼ਨ ਲਾਲ ਵਰਮਾ, ਦਲਵੀਰ ਸਿੰਘ, ਰਮਨ ਕਾਲੀਆ, ਵੈਭਵ ਘਈ, ਖੂਬ ਸਿੰਘ ਅਤੇ ਮੋਨੂ ਵਰਮਾ ਸਮੇਤ ਕਈ ਭਾਜਪਾ ਅਧਿਕਾਰੀ ਅਤੇ ਕਾਰਕੁਨ ਮੌਜੂਦ ਸਨ।