ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ: ਡਾ. ਪ੍ਰੀਤੀ ਯਾਦਵ

423

ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ: ਡਾ. ਪ੍ਰੀਤੀ ਯਾਦਵ

ਬਹਾਦਰਜੀਤ ਸਿੰਘ /ਰੂਪਨਗਰ, 10 ਅਗਸਤ,2022

ਆਮ ਆਦਮੀ ਕਲੀਨਿਕ ਸਿਹਤ ਖ਼ੇਤਰ ਵਿਚਲੀ ਕ੍ਰਾਂਤੀ ਸਾਬਤ ਹੋਣਗੇ, ਜਿਨ੍ਹਾਂ ਜ਼ਰੀਏ ਲੋਕਾਂ ਨੂੰ ਸੁਚੱਜੇ ਢੰਗ ਨਾਲ ਮੁੱਢਲਾ ਇਲਾਜ ਮਿਲੇਗਾ ਅਤੇ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ। ਇਹਨਾਂ ਕਲੀਨਿਕਾਂ ਦੀ ਰਸਮੀ ਸ਼ੁਰੂਆਤ 15 ਅਗਸਤ ਨੂੰ ਹੋ ਰਹੀ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖੋ ਵੱਖ ਥਾਂ 08 ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਜਾਣੇ ਹਨ। ਇਹਨਾਂ ਵਿੱਚ ਅਨਾਜ ਮੰਡੀ ਰੂਪਨਗਰ, ਪੀ ਡਬਲਿਊ ਡੀ ਕਲੋਨੀ ਰੂਪਨਗਰ, ਬੀ ਡੀ ਪੀ ਓ ਦਫ਼ਤਰ ਅਨੰਦਪੁਰ ਸਾਹਿਬ, ਬਰਾੜੀ ਪੰਚਾਇਤ ਘਰ ਕੀਰਤਪੁਰ ਸਾਹਿਬ, ਅਜੌਲੀ ਨਯਾ ਨੰਗਲ, ਪੀ ਐਚ ਸੀ ਬੂਰ ਮਾਜਰਾ, ਐਚ ਡਬਲਿਊ ਸੀ ਛੱਜੂ ਮਾਜਰਾ ਸ੍ਰੀ ਚਮਕੌਰ ਸਾਹਿਬ ਅਤੇ ਐਚ ਡਬਲਿਊ ਸੀ ਭਲੜੀ ਸ਼ਾਮਲ ਹਨ। ਇਹਨਾਂ ਵਿਚੋਂ 05 ਕਲੀਨਿਕ ਤਿਆਰ ਹੋ ਗਏ ਹਨ ਤੇ ਬਾਕੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ: ਡਾ. ਪ੍ਰੀਤੀ ਯਾਦਵ
Aam Admi Clinic

ਡਾ. ਯਾਦਵ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਅਤੇ ਬਿਮਾਰੀਆਂ ਦੀ ਜਾਂਚ ਕਰਨ ਲਈ ਐਮ ਬੀ ਬੀ ਐਸ ਡਾਕਟਰ, ਫਾਰਮਾਸਿਸਟ ਸਮੇਤ ਸਟਾਫ਼ ਮੈਂਬਰ ਤਾਇਨਾਤ ਹੋਣਗੇ। ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਲਗਭਗ 100 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿੱਤੇ ਜਾਣਗੇ। ਇਨ੍ਹਾਂ ਕਲੀਨਿਕਾਂ ਦੁਆਰਾ ਵੱਡੀ ਗਿਣਤੀ ਵਿਚ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਸਰਕਾਰੀ ਹਸਪਤਾਲਾਂ ‘ਤੇ ਬੋਝ ਘਟੇਗਾ। ਇਨ੍ਹਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ।

ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹੋਵੇਗੀ। ਇਨ੍ਹਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ’ਚ ਮਿਸਾਲੀ ਸੁਧਾਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ‘ਆਮ ਆਦਮੀ ਕਲੀਨਿਕਸ’ ਵਿਖੇ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਕਲੀਨਿਕ ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਦਾਨ ਕਰਕੇ ਮੁਢਲੇ ਸਿਹਤ ਸੰਭਾਲ ਸਿਸਟਮ ਨੂੰ ਮਜ਼ਬੂਤ ਕਰਨਗੇ।