ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਮੰਡੀਆਂ ਵਿੱਚ ਸਮੇਂ ਤੋਂ ਪਹਿਲਾਂ ਕਣਕ ਦੀ ਖਰੀਦਦਾਰੀ ਬੰਦ ਕਰਨ ਤੇ ਕਰੇਗੀ ਮੁੱਖ ਮੰਤਰੀ ਦਾ ਘਿਰਾਓ – ਅਸ਼ਵਨੀ ਸ਼ਰਮਾ

38

ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਮੰਡੀਆਂ ਵਿੱਚ ਸਮੇਂ ਤੋਂ ਪਹਿਲਾਂ ਕਣਕ ਦੀ ਖਰੀਦਦਾਰੀ ਬੰਦ ਕਰਨ ਤੇ  ਕਰੇਗੀ ਮੁੱਖ ਮੰਤਰੀ  ਦਾ ਘਿਰਾਓ – ਅਸ਼ਵਨੀ ਸ਼ਰਮਾ

ਬਹਾਦਰਜੀਤ ਸਿੰਘ/ਰੂਪਨਗਰ/ royalpatiala.in News/5 ਮਈ,2026

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਸਮੇਂ ਸੀਮਾ ਤੋਂ ਪਹਿਲਾਂ ਫਸਲ ਦੀ ਖਰੀਦ ਨੂੰ ਬੰਦ ਕਰਨਾ ਕਿਸਾਨਾਂ ਨਾਲ ਸਰਕਾਰ ਵੱਲੋਂ ਸਯੋਜਿਤ ਤਰੀਕੇ ਨਾਲ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬਹੁਤ ਹੀ ਨਿੰਦਣਯੋਗ ਕਦਮ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਦੇ ਸਾਥੀਆਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਤੇ ਖੁਦ ਨੂੰ ਕਿਸਾਨ ਹਿਤੈਸ਼ੀ ਮੰਨਦੇ ਹਨ, ਉੱਥੇ ਕੀ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਬਲਾਕ ਨੂਰਪੁਰ ਬੇਦੀ ਵਿੱਚ ਜ਼ਿਆਦਾਤਰ ਕਿਸਾਨ ਵੀਰਾਂ ਨੇ ਆਪਣੀ ਜ਼ਮੀਨ ਵਿੱਚ ਪਾਪੂਲਰ ਦੀ ਖੇਤੀ ਕੀਤੀ ਹੋਈ ਹੈ, ਜਿਸ ਵਿੱਚ ਫਸਲ ਦੀ ਕਟਾਈ ਮੁਕਾਬਲਤਨ ਦੂਜੀ ਜ਼ਮੀਨ ਤੋਂ ਥੋੜੀ ਧੀਮੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਅਚਾਨਕ ਮੰਡੀਆਂ ਵਿੱਚ ਇਸ ਤਰ੍ਹਾਂ ਤੁਗਲਕੀ ਫਰਮਾਨ ਲਾਗੂ ਕਰਨਾ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ। ਇਸ ਨਾਲ ਜਿੱਥੇ ਸਾਡੇ ਕਿਸਾਨ ਵੀਰਾਂ ਤੇ ਫਸਲ ਨਾ ਖਰੀਦਣ ਤੇ ਮਾਨਸਿਕ ਤਣਾਅ ਵੱਧ ਰਿਹਾ ਹੈ, ਉੱਥੇ ਹੀ ਆੜਤੀ ਭਾਈਚਾਰੇ ਵਿੱਚ ਵੀ ਸਰਕਾਰ ਵਿਰੁੱਧ ਕਾਫੀ ਰੋਸ਼ ਹੈ।

ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਮੰਡੀਆਂ ਵਿੱਚ ਸਮੇਂ ਤੋਂ ਪਹਿਲਾਂ ਕਣਕ ਦੀ ਖਰੀਦਦਾਰੀ ਬੰਦ ਕਰਨ ਤੇ ਕਰੇਗੀ ਮੁੱਖ ਮੰਤਰੀ ਦਾ ਘਿਰਾਓ – ਅਸ਼ਵਨੀ ਸ਼ਰਮਾ

ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ ਸੂਬੇ ਦਾ ਮੁੱਖ ਮੰਤਰੀ ਕਿਸਾਨ ਦਾ ਪੁੱਤਰ ਹੋਵੇ ਤੇ ਕਿਸਾਨ ਆਪਣੀ ਫਸਲ ਵੇਚਣ ਲਈ ਦਰ-ਦਰ ਭਟਕ ਰਿਹਾ ਹੋਵੇ ਤਾਂ ਪੰਜਾਬ ਲਈ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਵਿੱਚ ਪੂਰੇ ਦੇਸ਼ ਵਿੱਚ ਵਿਖਿਆਤ ਹੈ।