ਡਾ. ਬੀ. ਐੱਸ ਘੁੰਮਣ ਵੱਲੋਂ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਇਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ

262

ਡਾ. ਬੀ. ਐੱਸ ਘੁੰਮਣ ਵੱਲੋਂ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਇਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ

ਕੰਵਰ ਇੰਦਰ ਸਿੰਘ / ਪਟਿਆਲਾ / 8 ਅਪ੍ਰੈਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ ਘੁੰਮਣ ਵੱਲੋਂ ਯੂਨੀਵਰਸਿਟੀ ਦੇ ਸਮੂਹ ਅਧਿਆਪਨ ਅਤੇ ਗੈਰ ਅਧਿਆਪਨ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਾਮ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਇਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਇਸ ਸੰਦੇਸ਼ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਾਮਨਾ ਕੀਤੀ ਕਿ ਚੰਗਾ ਹੋਵੇ  ਜੇ ਸੰਕਟ ਦੇ ਇਹ ਬੱਦਲ਼ ਬਿਨਾ ਵਰਸੇ ਹੀ ਟਲ਼ ਜਾਣ ਅਤੇ ਯੂਨੀਵਰਸਿਟੀ ਸਮੇਤ ਸਾਰੀਆਂ ਜਨਤਕ ਥਾਵਾਂ ਤੇ ਪਹਿਲਾਂ ਜਿਹੀ ਚਹਿਲ ਪਹਿਲ ਜਲਦੀ ਹੀ ਮੁੜ ਪਰਤ ਆਵੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਜਿਹੀਆਂ ਵਿੱਦਿਅਕ ਸੰਸਥਾਵਾਂ ਸਮਾਜ ਦਾ ਦਿਲ ਅਤੇ ਦਿਮਾਗ ਹੁੰਦੀਆਂ ਹਨ ਜਿਨ੍ਹਾਂ ਨੇ ਅਜਿਹੇ ਸੰਕਟਮਈ ਮੌਕਿਆਂ ਤੇ ਸਮਾਜ ਨੂੰ ਅਗਵਾਈ ਅਤੇ ਸੇਧ ਦੇਣੀ ਹੁੰਦੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਸ ਦਿਸ਼ਾ ਵਿਚ ਵਖ-ਵਖ ਢੰਗਾਂ ਰਾਹੀਂ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਾਲੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ 25,000/- ਰੁਪਏ ਦੀ ਸਹਾਇਤਾ ਰਾਸ਼ੀ ਰੈੱਡ ਕਰਾਸ ਸੋਸਾਇਟੀ ਨੂੰ ਪ੍ਰਦਾਨ ਕੀਤੀ ਗਈ ਹੈ। ਇਸੇ ਤਰ੍ਹਾਂ ਸਿਹਤ, ਸੁਰੱਖਿਆ ਅਤੇ ਸਫਾਈ ਨਾਲ ਜੁੜੇ ਕਰਮਚਾਰੀਆਂ ਨੂੰ ਵਿਸ਼ੇਸ ਕਿਟਾਂ ਮੁਹਈਆ ਕਰਵਾਉਣ ਹਿਤ 41 ਹਜਾਰ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿਚ ਆਹਲਾ ਦਰਜੇ ਦੇ ਦਿਮਾਗ ਹੁੰਦੇ ਹਨ ਜੋ ਆਪਣੀ ਖੋਜਾਂ ਅਤੇ ਕਾਢਾਂ ਰਾਹੀਂ ਸਮਾਜ ਦੀ ਭਲਾਈ ਹਿਤ ਕਾਰਜ ਕਰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਸਮੇਂ ਹਰ ਸੰਭਵ ਪਹਿਲਕਦਮੀ ਅਤੇ ਲੋੜਵੰਦਾਂ ਦੀ ਮਦਦ ਲਈ ਸਭ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੋਲ ਆਫਤ-ਪ੍ਰਬੰਧਨ ਜਿਹੇ ਕੋਰਸ ਹਨ ਜਿਸ ਨਾਲ ਜੁੜੇ ਲੋਕਾਂ ਨੂੰ ਆਪਣੀਆਂ ਮਾਹਿਰ ਸੇਵਾਵਾਂ ਲਈ ਅਤੇ ਇਸੇ ਤਰ੍ਹਾਂ ਮਨੋਵਿਗਿਆਨ ਜਿਹੇ ਵਿਸ਼ਿਆਂ ਨਾਲ ਜੁੜੇ ਮਾਹਿਰਾਂ ਨੂੰ ਆਪਣੀਆਂ ਸੰਬੰਧਤ ਥੈਰੇਪੀ ਦੀਆਂ ਸੇਵਾਵਾਂ ਲਈ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿਚ ਵਿੱਤੀ ਯੋਗਦਾਨ ਪਾਉਣ ਲਈ ਵੀ ਅਪੀਲ ਕੀਤੀ ਗਈ।

ਡਾ. ਬੀ. ਐੱਸ ਘੁੰਮਣ ਵੱਲੋਂ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਇਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ

ਯੂਨੀਵਰਸਿਟੀ ਦੀਆਂ ਅਕਾਦਮਿਕ ਸੇਵਾਵਾਂ ਨੂੰ ਆਨਲਾਈਨ ਵਿਧੀ ਰਾਹੀਂ ਨਿਰੰਤਰ ਜਾਰੀ ਰੱਖੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਅਧੀਨ ਬਣੀ ਸੰਬੰਧਤ ਕਮੇਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਲੋੜ ਪੈਣ ਤੇ ਮਿਡ ਟਰਮ ਪ੍ਰੀਖਿਆਵਾਂ ਵੀ ਆਨਲਾਈਨ ਵਿਧੀ ਰਾਹੀਂ ਕਰਵਾਏ ਜਾਣ ਸੰਬੰਧੀ ਯਤਨ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੀ ਇੰਟਰਨਸ਼ਿਪ ਅਤੇ ਪਲੇਸਮੈਂਟ ਸੰਬੰਧੀ ਵੀ ਆਨਲਾਈਨ ਰੁਖ ਅਪਣਾਇਆ ਜਾ ਚੁੱਕਾ ਹੈ ਜਿੱਥੇ ਸਫਲਤਾ ਵੀ ਹਾਸਿਲ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ੍ਰੀ. ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਵਖ-ਵਖ ਹਦਾਇਤਾਂ ਦੀ ਇੰਨ ਇੰਨ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸਿਹਤ, ਸੁਰੱਖਿਆ ਤੇ ਸਫਾਈ ਸੇਵਾਵਾਂ ਨਾਲ ਜੁੜੇ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਇਸ ਸਮੇਂ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ।