ਤਜਾਕਿਸਤਾਨ ਤੋਂ ਇੱਕ ਵਫ਼ਦ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਿਆ; ਆਪਸੀ ਤਾਲਮੇਲ ਦੀ ਗੁੰਜਾਇਸ਼ ਨੂੰ ਫਰੋਲਿਆ

253

ਤਜਾਕਿਸਤਾਨ ਤੋਂ ਇੱਕ ਵਫ਼ਦ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਿਆ; ਆਪਸੀ ਤਾਲਮੇਲ ਦੀ ਗੁੰਜਾਇਸ਼ ਨੂੰ ਫਰੋਲਿਆ

ਪਟਿਆਲਾ, 2022/10/04
ਤਜਾਕਿਸਤਾਨ ਤੋਂ ਇੱਕ ਵਫ਼ਦ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਿਆ ਜਿਸ ਦਾ ਮਕਸਦ ਪੰਜਾਬੀ ਯੂਨੀਵਰਸਿਟੀ ਨਾਲ ਤਾਲਮੇਲ ਦੀ ਗੁੰਜਾਇਸ਼ ਨੂੰ ਫਰੋਲਣਾ ਸੀ। ਸਰਕਾਰੀ ਤੌਰ ਉੱਤੇ ਆਏ ਇਸ ਵਫ਼ਦ ਦੀ ਅਗਵਾਈ ਇੰਟਰਨੈਸ਼ਨਲ ਯੂਨੀਵਰਸਿਟੀ ਆਫ਼ ਟੂਰਿਜ਼ਮ ਐਂਡ ਐਂਟਰਪ੍ਰੀਨਿਉਰਸਿ਼ਪ ਆਫ਼ ਤਜਾਕਿਸਤਾਨ ਦੇ ਰੈਕਟਰ ਐਸਰੌਰਜ਼ੋਦਾ ਜ਼ੁਬਾਦੁਲੋ ਸਤਾਰ ਕਰ ਰਹੇ ਸਨ। ਉਨ੍ਹਾਂ ਨਾਲ਼ ਇਸ ਵਫ਼ਦ ਵਿੱਚ ਸ਼ਾਮਿਲ ਤਿੰਨ ਹੋਰ ਮੈਂਬਰ ਸ਼ਾਮਿਲ ਸਨ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਵਫ਼ਦ ਨੇ ਮਹਿਮਾਨ ਵਫ਼ਦ ਨਾਲ਼ ਸਿੰਡੀਕੇਟ ਰੂਮ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਇਸ ਮੀਟਿੰਗ ਵਿੱਚ ਡੀਨ ਅਕਾਦਮਿਕ ਪ੍ਰੋ. ਏ. ਕੇ.ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ, ਡੀਨ ਖੋਜ ਪ੍ਰੋ. ਮਨਜੀਤ ਪਾਤੜ, ਮਕੈਨੀਕਲ ਇੰਜਨੀਅਰਿੰਗ ਦੇ ਪ੍ਰੋ. ਬਲਰਾਜ ਸੈਣੀ, ਡੀਨ ਯੋਜਨਾ ਅਤੇ ਨਿਰੀਖਣ ਪ੍ਰੋ. ਸੰਜੀਵ ਪੁਰੀ ਅਤੇ ਡੀਨ, ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਸਟੂਡੈਂਟਸ ਪ੍ਰੋ. ਰਣਜੀਤ ਕੌਰ ਸ਼ਾਮਿਲ ਰਹੇ।

ਮੀਟਿੰਗ ਦੌਰਾਨ ਦੋਹਾਂ ਪੱਖਾਂ ਨੇ ਆਪੋ-ਆਪਣੇ ਅਦਾਰਿਆਂ ਦੀ ਜਾਣ-ਪਛਾਣ ਕਰਵਾਈ ਅਤੇ ਇਸ ਮੁੱਦੇ ਨੂੰ ਉਘਾੜਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਯੂਨੀਵਰਸਿਟੀਆਂ ਕਿਸ ਤਰ੍ਹਾਂ ਦੀ ਵਿਉਂਤਬੰਦੀ ਕਰ ਰਹੀਆਂ ਹਨ। ਇਸ ਦੌਰਾਨ ਇਹ ਸਮਝਣ ਦਾ ਉਪਰਾਲਾ ਕੀਤਾ ਗਿਆ ਕਿ ਕਿਸ-ਕਿਸ ਮਾਮਲੇ ਵਿੱਚ ਵਿਦਿਆਰਥੀਆਂ ਜਾਂ ਅਧਿਆਪਕਾਂ ਦੇ ਪੱਧਰ ਉੱਤੇ ਤਾਲਮੇਲ ਦੀ ਗੁੰਜਾਇਸ਼ ਹੈ। ਇੱਕ ਪਾਸੇ ਤਜਾਕਿਸਤਾਨ ਦੇ ਵਫ਼ਦ ਨੇ ਇਹ ਬਿਆਨ ਕੀਤਾ ਕਿ ਤਜਾਕਿਸਤਾਨ ਵਿੱਚ ਸੈਲਾਨੀ ਸਨਅਤ ਦੀ ਗੁੰਜਾਇਸ਼ ਬਹੁਤ ਜਿ਼ਆਦਾ ਹੈ ਅਤੇ ਪਿਛਲੇ ਸਾਲਾਂ ਦੌਰਾਨ ਮੁਲਕ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ।

ਇਸ ਵੇਲ਼ੇ ਮੁਲਕ ਵਿੱਚ ਤਕਰੀਬਨ 13 ਲੱਖ ਸੈਲਾਨੀ ਹਰ ਸਾਲ ਆਉਂਦੇ ਹਨ ਅਤੇ ਮੁਲਕ ਦੀ ਕੁੱਲ ਆਮਦਨ ਵਿੱਚ ਛੇ ਫ਼ੀਸਦੀ ਹਿੱਸਾ ਪਾਉਂਦੇ ਹਨ।ਇਸ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਹੋਟਲ ਪ੍ਰਬੰਧਨ ਅਤੇ ਮੈਨੇਜਮੈਂਟ ਦੇ ਹੋਰ ਕੋਰਸਾਂ ਬਾਰੇ ਵਿਸ਼ੇਸ਼ ਤੌਰ ਉੱਤੇ ਜਿ਼ਕਰ ਹੋਇਆ।

ਤਜਾਕਿਸਤਾਨ ਤੋਂ ਇੱਕ ਵਫ਼ਦ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਿਆ; ਆਪਸੀ ਤਾਲਮੇਲ ਦੀ ਗੁੰਜਾਇਸ਼ ਨੂੰ ਫਰੋਲਿਆ

ਪ੍ਰੋ. ਬਲਰਾਜ ਸੈਣੀ ਨੇ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਏ ਜਾਂਦੇ ਚਾਰ ਤਰ੍ਹਾਂ ਦੇ ਕੋਰਸਾਂ ਦਾ ਜਿ਼ਕਰ ਕੀਤਾ ਜਿਸ ਵਿੱਚ ਤਜਾਕਿਸਤਾਨ ਦੇ ਵਫ਼ਦ ਨੇ ਚੋਖੀ ਦਿਲਚਸਪੀ ਵਿਖਾਈ। ਇਸ ਦੌਰਾਨ ਇਹ ਗੱਲ ਕੀਤੀ ਗਈ ਕਿ ਦੋਹਾਂ ਅਦਾਰਿਆਂ ਦੇ ਵਫ਼ਦ ਆਉਣ ਵਾਲੇ ਦਿਨਾਂ ਵਿੱਚ ਤਫ਼ਸੀਲ ਨਾਲ ਗੱਲ ਕਰ ਸਕਦੇ ਹਨ ਅਤੇ ਇਸ ਗੱਲ ਦੀ ਗੁੰਜਾਇਸ਼ ਫਰੋਲੀ ਜਾ ਸਕਦੀ ਹੈ ਕਿ ਦੋਹਾਂ ਦਰਮਿਆਨ ਕਿਸ ਤਰ੍ਹਾਂ ਦਾ ਇਕਰਾਰਨਾਮਾ ਕੀਤਾ ਜਾ ਸਕਦਾ ਹੈ। ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਨੂੰ ਇੱਕ-ਦੂਜੇ ਦੇ ਮੁਲਕ ਜਾ ਕੇ ਪੜ੍ਹਾਈ ਜਾਂ ਖੋਜ ਕਰਨ ਦਾ ਮੌਕਾ ਮਿਲੇ। ਨਾਲ਼ ਹੀ ਮਾਹਿਰ ਅਧਿਆਪਕਾਂ ਦੀਆਂ ਸੇਵਾਵਾਂ ਵੀ ਇੱਕ-ਦੂਜੇ ਮੁਲਕ ਤੋਂ ਹਾਸਿਲ ਕੀਤੇ ਜਾਣ ਬਾਰੇ ਗੱਲ ਕੀਤੀ ਗਈ।

ਮਹਿਮਾਨ ਵਫ਼ਦ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਆਪਣੇ ਦੇਸ ਦੀ ਯਾਦ-ਨਿਸ਼ਾਨੀ ਨਾਲ਼ ਸਨਮਾਨਿਤ ਕੀਤਾ। ਦੂਜੇ ਪਾਸੇ ਪ੍ਰੋ. ਅਰਵਿੰਦ ਨੇ ਮਹਿਮਾਨ ਵਫ਼ਦ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ।

ਪ੍ਰੋ. ਅਰਵਿੰਦ ਨੇ ਮਹਿਮਾਨ ਵਫ਼ਦ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦੋਹਾਂ ਮੁਲਕਾਂ ਵਿੱਚ ਸੱਭਿਆਚਾਰ ਅਤੇ ਬੋਲੀ ਦੇ ਮਾਮਲੇ ਵਿੱਚ ਚੋਖੀ ਸਾਂਝ ਹੈ ਕਿਉਂਕਿ ਫਾਰਸੀ ਜ਼ੁਬਾਨ ਤਜਾਕਿਸਤਾਨ ਵਿੱਚ ਵੀ ਪੜ੍ਹੀ ਲਿਖੀ ਜਾਂਦੀ ਹੈ ਅਤੇ ਪੰਜਾਬੀ ਦਾ ਫਾਰਸੀ ਨਾਲ਼ ਨੇੜਲਾ ਰਿਸ਼ਤਾ ਹੈ। ਦੋਹਾਂ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਬਹੁਤ ਸਾਰੇ ਲਫ਼ਜ਼ ਸਾਂਝੇ ਹਨ।

ਤਜਾਕਿਸਤਾਨ ਦੇ ਵਫ਼ਦ ਨੇ ਇਹ ਗੱਲ ਪੇਸ਼ ਕੀਤੀ ਕਿ ਕਿਸ ਤਰੀਕੇ ਨਾਲ ਖੇਤੀ ਪੈਦਾਵਾਰ ਦਾ ਵਪਾਰ ਤਜਾਕਿਸਤਾਨ ਅਤੇ ਹਿੰਦੋਸਤਾਨ ਦੇ ਹਵਾਲੇ ਨਾਲ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਤਜਾਕਿਸਤਾਨ ਤੋਂ ਕਰਾਚੀ ਸਮਾਨ ਲਿਜਾਣ ਦੀ ਥਾਂ ਅਮ੍ਰਿਤਸਰ ਲਿਆਉਣਾ ਕਿਤੇ ਸੌਖਾਲ਼ਾ ਹੈ। ਇੱਥੇ ਇਹ ਜਿ਼ਕਰਗੋਚਰਾ ਹੈ ਕਿ ਵਾਘਾ ਸਰਹੱਦ ਤੋਂ ਬਹੁਤ ਸਾਰੀਆਂ ਚੀਜ਼ਾਂ ਦੇ ਵਪਾਰ ਉੱਤੇ ਪਾਬੰਦੀ ਹੈ ਅਤੇ ਇਸ ਪਾਬੰਦੀ ਦੇ ਚਲਦਿਆਂ ਇਸ ਖਿੱਤੇ ਦਾ ਸੜਕ ਰਾਹੀਂ ਹੋਣ ਵਾਲ਼ਾ ਵਪਾਰ ਬਹੁਤ ਘੱਟ ਮਿਕਦਾਰ ਵਿੱਚ ਹੁੰਦਾ ਹੈ।

ਇਨ੍ਹਾਂ ਵਫ਼ਦਾਂ ਦੀ ਆਪਸੀ ਗੱਲਬਾਤ ਤੋਂ ਇਹ ਗੁੰਜਾਇਸ਼ ਬਣਦੀ ਹੈ ਕਿ ਅਜਿਹੇ ਮਾਮਲਿਆਂ ਉੱਤੇ ਦੋਹਾਂ ਅਦਾਰਿਆਂ ਵਿੱਚ ਚੰਗੀ ਸਾਂਝ ਹੋ ਸਕਦੀ ਹੈ ਜੋ ਦੋਹਾਂ ਮੁਲਕਾਂ ਦੇ ਸਾਂਝੇ ਹਨ ਅਤੇ ਦੋਹਾਂ ਮੁਲਕਾਂ ਦੇ ਹਿਤਾਂ ਦੀ ਪੂਰਤੀ ਕਰਦੇ ਹਨ। ਮਿਸਾਲ ਵਜੋਂ ਵਪਾਰ ਅਤੇ ਬੋਲੀ ਉੱਤੇ ਖੋਜ ਲਈ ਸਾਂਝੇ ਉਪਰਾਲੇ ਹੋ ਸਕਦੇ ਹਨ। ਆਉਣ ਵਾਲੇ ਦਿਨਾਂ ਵਿੱਚ ਦੋਹਾਂ ਅਦਾਰਿਆਂ ਦੇ ਵਫ਼ਦਾਂ ਦੇ ਆਪਸ ਵਿੱਚ ਇੱਕ-ਦੂਜੇ ਮੁਲਕ ਵਿੱਚ ਜਾ ਕੇ ਅਤੇ ਇੰਟਰਨੈੱਟ ਰਾਹੀਂ ਗੱਲਬਾਤ ਅੱਗੇ ਤੁਰਨ ਦੀ ਸੰਭਾਵਨਾ ਹੈ।