“ਪੰਜਾਬੀਆਂ ਦੇ ਚੇਤਿਆਂ ਵਿੱਚ ਹਾਲੇ ਵੀ ਇਸ ਵੰਡ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਯਾਦਾਂ ਸੁਰੱਖਿਅਤ ਹਨ”- ਪ੍ਰੋ. ਅਰਵਿੰਦ
ਪਟਿਆਲਾ/15 ਅਗਸਤ, 2022
‘ਆਜ਼ਾਦੀ ਤਕਰੀਬਨ ਗਿਆਰਾਂ ਲੱਖ ਬੰਦਿਆਂ ਦੇ ਕਤਲਿਆਮ ਦੇ ਨਾਲ ਆਈ ਸੀ। ਜੇ ਅਸੀਂ ਲੋਕ ਇੰਨੀ ਵੱਡੀ ਕੁਰਬਾਨੀ ਅੰਗਰੇਜ਼ਾਂ ਖਿਲਾਫ ਲੜਾਈ ਵਿੱਚ ਦੇਣ ਨੂੰ ਤਿਆਰ ਹੁੰਦੇ ਤਾਂ ਅੰਗਰੇਜ਼ਾਂ ਦੀਆਂ ਫੌਜਾਂ ਨੂੰ ਤਾਂ ਇੱਕ ਦਿਨ ਵਿੱਚ ਖਾਲ਼ੀ ਹੱਥੀਂ ਜਾਂ ਡਾਂਗਾਂ-ਟਕੂਆਂ ਨਾਲ ਵੀ ਹਰਾਇਆ ਜਾ ਸਕਦਾ ਸੀ।’ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅੱਗੇ ਕਿਹਾ ਕਿ ਇਹ ਕਤਲਿਆਮ ਅਸੀਂ ਆਪ ਹੀ ਆਪਣੇ ਲੋਕਾਂ ਦਾ ਕੀਤਾ। ਅੱਜ ਵੀ ਸਾਨੂੰ ਉਨ੍ਹਾਂ ਧਿਰਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ ਜੋ ਮਨੁੱਖੀ ਇਤਫਾਕ ਨੂੰ ਤਰਜੀਹ ਦਿੰਦੀਆਂ ਹਨ ਜਾਂ ਬਦਇਤਫਾਕੀ ਵਿੱਚੋਂ ਆਪਣਾ ਹਿੱਤ ਪੂਰਦੀਆਂ ਹਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਇਸ ਮੌਕੇ ਰੱਖੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੇ ਸਮੂਹ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਸਮੇਤ ਸਮੂਹ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਅਜ਼ਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਦਿੱਤੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਆਜ਼ਾਦੀ ਦੇ ਹਵਾਲੇ ਨਾਲ ਦੇਸ ਵੰਡ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਆਪਣੇ ਦਾਦਕੇ ਅਤੇ ਨਾਨਕੇ ਪਰਿਵਾਰ ਨਾਲ ਜੁੜੀਆਂ ਨਿੱਜੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਪੰਜਾਬ ਨੇ ਇਸ ਵੰਡ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਇਸ ਲਈ ਪੰਜਾਬੀਆਂ ਦੇ ਚੇਤਿਆਂ ਵਿੱਚ ਹਾਲੇ ਵੀ ਇਸ ਵੰਡ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਯਾਦਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਉਸ ਪੀੜ੍ਹੀ ਨਾਲ ਜੁੜੇ ਉਹ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਧਰਮਾਂ ਜਾਤਾਂ ਕਿਤਿਆਂ ਆਦਿ ਦੀਆਂ ਵਲਗਣਾਂ ਤੋਂ ਪਾਰ ਜਾ ਕੇ ਆਪਣਾ ਮਾਨਵਤਾ ਧਰਮ ਨਿਭਾਇਆ ਅਤੇ ਬਹੁਤ ਸਾਰੀਆਂ ਜਾਨਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਚਾਇਆ, ਉਥੇ ਹੀ ਦੂਜੇ ਪਾਸੇ ਕੁਝ ਹੋਰ ਉਹ ਵੀ ਸਾਡੇ ਆਪਣੇ ਵਿਚੋਂ ਹੀ ਸਨ ਜਿਨ੍ਹਾਂ ਅੰਦਰ ਜਾਗੀ ਹੈਵਾਨੀ ਬਿਰਤੀ ਕਾਰਨ ਵੱਡੇ ਪੱਧਰ ਉੱਤੇ ਮਾਰ-ਧਾੜ ਵਾਪਰੀ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਵਿੱਚ ਇਹਨਾਂ ਦੋਹੇਂ ਧਿਰਾਂ ਦੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਅਜਿਹੇ ਸ਼ਰਮਨਾਕ ਅਤੇ ਦਰਦਨਾਕ ਮੰਜ਼ਰ ਇਤਿਹਾਸ ਵਿੱਚ ਮੁੜ ਕਦੇ ਨਾ ਵਿਖਾਈ ਦੇਣ।
ਪੰਜਾਬੀ ਯੂਨੀਵਰਸਿਟੀ ਦੇ ਵਿਸ਼ੇਸ਼ ਪ੍ਰਸੰਗ ਵਿੱਚ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨਵੇਂ ਆਯਾਮ ਛੋਹੇ ਹਨ। ਮਸਲਨ ਨਵੀਂ ਕਿਸਮ ਦੇ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਨਵੀਂ ਕਿਸਮ ਦੇ ਕੁਝ ਵਿਸ਼ੇਸ਼ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਨੂੰ ਵੱਖ ਵੱਖ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਇਸੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ ਵਿੱਚ ਵਾਧਾ ਕੀਤੇ ਜਾਣ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਪ੍ਰੋ. ਅਰਵਿੰਦ ਵੱਲੋਂ ਸੂਬਾ ਸਰਕਾਰ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ ਅਤੇ ਉਮੀਦ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਕਰਜ਼ੇ ਦਾ ਸਥਾਈ ਹੱਲ ਕਰਨ ਲਈ ਵੀ ਸਰਕਾਰ ਵੱਲੋਂ ਜਲਦੀ ਹੀ ਕੋਈ ਢੁਕਵਾਂ ਕਦਮ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਸਾਰੇ ਲੋਕਾਂ ਨੂੰ ਆਜ਼ਾਦੀ ਦੇ ਇਸ ਮੌਕੇ ਯੂਨੀਵਰਸਿਟੀ ਦੀ ਬੇਹਤਰੀ ਲਈ ਹੋਰ ਵਧੇਰੇ ਸ਼ਿੱਦਤ ਨਾਲ ਕੰਮ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ।
ਇਸ ਮੌਕੇ ਧੰਨਵਾਦ ਕਰਨ ਲਈ ਰਸਮੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਵੱਲੋਂ ਦਿੱਤਾ ਗਿਆ।
ਪ੍ਰੋਗਰਾਮ ਦਾ ਸੰਚਾਲਨ ਰਜਿਟਰਾਰ ਡਾ. ਨਵਜੋਤ ਕੌਰ ਵੱਲੋਂ ਕੀਤਾ ਗਿਆ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਹਿਮ ਅਧਿਕਾਰੀ ਵਿਸ਼ੇਸ਼ ਤੌਰ ਉੱਤੇ ਹਾਜਿ਼ਰ ਰਹੇ।