ਪੰਜਾਬੀ ਯੂਨੀਵਰਸਿਟੀ ਵਿਖੇ ਯੋਗਾ ਡਿਪਲੋਮਾ ਕਰ ਰਹੇ ਸਾਰੇ ਇੱਛੁਕ ਵਿਦਿਆਰਥੀਆਂ ਨੂੰ ਮਿਲੀ ਨੌਕਰੀ
ਪਟਿਆਲਾ/ਅਕਤੂਬਰ 2,2023
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਮੁਹਿੰਮ ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਯੋਗਾ ਦਾ ਪੋਸਟ ਗਰੈਜੂਏਟ ਡਿਪਲੋਮਾ ਕਰ ਰਹੇ ਸਾਰੇ ਇੱਛੁਕ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਹੋਣ ਦੀ ਖੁਸ਼ਖ਼ਬਰ ਸਾਹਮਣੇ ਆਈ ਹੈ। ‘ਸੀ. ਐੱਮ. ਦੀ ਯੋਗਸ਼ਾਲਾ’ ਤਹਿਤ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਹੁਸਿ਼ਆਰਪੁਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਨੂੰ ‘ਯੋਗਾ ਟਰੇਨਰ’ ਵਜੋਂ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਸਰੀਰਿਕ ਸਿੱਖਿਆ ਵਿਭਾਗ ਦੇ ਇਹ ਸਾਰੇ ਵਿਦਿਆਰਥੀ ਆਪਣੇ ਵਿਭਾਗ ਮੁਖੀ ਡਾ. ਅਮਰਪ੍ਰੀਤ ਸਿੰਘ ਅਤੇ ਯੋਗਾ ਇੰਸਟ੍ਰਕਟਰ ਅਧਿਆਪਕਾਂ ਜਗਜੀਵਨ ਸਿੰਘ, ਪਰਵਿੰਦਰ ਸਿੰਘ ਅਤੇ ਰਘਬੀਰ ਸਿੰਘ ਸਮੇਤ ਵਾਈਸ ਚਾਂਸਲਰ ਦਫ਼ਤਰ ਪਹੁੰਚੇ ਜਿੱਥੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਰਜਿਸਟਰਾਰ ਪ੍ਰੋ. ਨਵਜੋਤ ਸਿੰਘ ਵੱਲੋਂ ਇਨ੍ਹਾਂ ਨਾਲ਼ ਯਾਦਗਾਰੀ ਤਸਵੀਰ ਕਰਵਾਈ ਗਈ।
ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੁਜ਼ਗਾਰ ਅਤੇ ਤੰਦਰੁਸਤੀ, ਦੋਹਾਂ ਪੱਖਾਂ ਤੋਂ ਸਮਾਜ ਦੀ ਬਿਹਤਰੀ ਲਈ ਚਲਾਈ ਮੁਹਿੰਮ ਦੇ ਸ਼ੁਭ ਨਤੀਜੇ ਆਉਣ ਸ਼ੁਰੂ ਹੋ ਗਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਤਨਦੇਹੀ ਨਾਲ਼ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਸਰਕਾਰ ਵੱਲੋਂ ਮਿੱਥੇ ਗਏ ਤੰਦਰੁਸਤੀ ਦੇ ਮਿਸ਼ਨ ਨੂੰ ਬਿਹਤਰ ਤਰੀਕੇ ਨਾਲ਼ ਲਾਗੂ ਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ।